ਪੇਈਚਿੰਗ: ਚੀਨ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਦੀ ਭਾਰਤ ਫੇਰੀ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਪੌਂਪੀਓ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਪੇਈਚਿੰਗ ਅਤੇ ਖਿੱਤੇ ਦੇ ਹੋਰਨਾਂ ਮੁਲਕਾਂ ਦਰਮਿਆਨ ਝਗੜੇ ਲਈ ਜ਼ਮੀਨ ਤਿਆਰ ਨਾ ਕਰਨ। ਚੀਨ ਨੇ ਕਿਹਾ ਕਿ ਅਮਰੀਕਾ ਆਪਣੇ ਟੀਚਿਆਂ ਦੀ ਪੂਰਤੀ ਲਈ ਹਿੰਦ-ਪ੍ਰਸ਼ਾਂਤ ਖਿੱਤੇ ਦੇ ਅਮਨ ਤੇ ਸਥਿਰਤਾ ਨੂੰ ਕਮਜ਼ੋਰ ਨਾ ਕਰੇ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵੈਂਗ ਵੈੱਨਬਿਨ ਨੇ ਕਿਹਾ, ‘ਪੌਂਪੀਓ ਦੇ ਚੀਨ ’ਤੇ ਹਮਲੇ ਅਤੇ ਹਰ ਗੱਲ ਲਈ ਦੋਸ਼ੀ ਠਹਿਰਾਉਣਾ, ਕੋਈ ਨਵੀਂ ਗੱਲ ਨਹੀਂ ਹੈ। ਉਹ ਇਕੋ ਗੱਲ ਨੂੰ ਸਮੇਂ ਦੇ ਨਾਲ ਵਾਰ ਵਾਰ ਦੁਹਰਾਉਂਦੇ ਹਨ।’ ਵੈਂਗ ਨੇ ਕਿਹਾ, ‘ਇਨ੍ਹਾਂ ਦੋਸ਼ਾਂ ਦਾ ਕੋਈ ਆਧਾਰ ਨਹੀਂ ਹੈ ਤੇ ਇਸ ਤੋਂ ਇਹੀ ਝਲਕ ਮਿਲਦੀ ਹੈ ਉਹ ਅਜੇ ਵੀ ਸ਼ੀਤ ਯੁੱਧ ਵਾਲੀ ਮਾਨਸਿਕਤਾ ਤੇ ਵਿਚਾਰਧਾਰਕ ਧੜੇਬਾਜ਼ੀ ਨਾਲ ਚਿੰਬੜੇ ਹੋਏ ਹਨ। ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮਾਨਸਿਕਤਾ ਤੋਂ ਬਾਹਰ ਨਿਕਲਣ ਅਤੇ ਚੀਨ ਤੇ ਖਿੱਤੇ ਦੇ ਹੋਰਨਾਂ ਮੁਲਕਾਂ ਦਰਮਿਆਨ ਝਗੜੇ ਲਈ ਜ਼ਮੀਨ ਤਿਆਰ ਕਰਨ ਤੋਂ ਟਲਣ।’ -ਪੀਟੀਆਈ