ਵਾਸ਼ਿੰਗਟਨ/ਨਵੀਂ ਦਿੱਲੀ, 30 ਸਤੰਬਰ
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਚਾਰ ਮੈਂਬਰ ਮੁਲਕਾਂ ਦੇ ਸਮੂਹ ‘ਕੁਐਡ’ ਦੀ ਮੀਟਿੰਗ ਲਈ ਜਾਪਾਨ ਜਾਣਗੇ। ਸਮੂਹ ਦੀ ਇਸ ਦੂਜੀ ਮੀਟਿੰਗ ਵਿੱੱਚ ਭਾਰਤ ਤੇ ਆਸਟਰੇਲੀਆ ਦੇ ਵਿਦੇਸ਼ ਮੰਤਰੀ ਵੀ ਸ਼ਾਮਲ ਹੋਣਗੇ। ਟੋਕੀਓ ਵਿੱਚ 6 ਅਕਤੂੁਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਚਾਰ ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀ ਕੋਵਿਡ-19 ਮਗਰੋਂ ਕੌਮਾਂਤਰੀ ਹਾਲਾਤ ਦੇ ਨਾਲ ਮਹਾਮਾਰੀ ਕਰਕੇ ਦਰਪੇਸ਼ ਚੁਣੌਤੀਆਂ ਦੇ ਟਾਕਰੇ ਲਈ ਮਿਲ ਕੇ ਕੀਤੇ ਜਾਣ ਵਾਲੇ ਯਤਨਾਂ ’ਤੇ ਚਰਚਾ ਕਰਨਗੇ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੋਰਗਨ ਓਰਟਾਗਸ ਨੇ ਕਿਹਾ, ‘ਰੱਖਿਆ ਮੰਤਰੀ ਚਾਰ ਮੁਲਕੀ ਸਮੂਹ ਦੀ ਮੀਟਿੰਗ ਤੋਂ ਇਕਪਾਸੇ ਆਪਣੇ ਜਾਪਾਨੀ ਹਮਰੁਤਬਾ ਨਾਲ ਵੀ ਮੀਟਿੰਗਾਂ ਕਰਕੇ ਸਾਂਝੇ ਹਿੱਤਾਂ ਵਾਲੇ ਮੁੱਦਿਆਂ ’ਤੇ ਚਰਚਾ ਕਰਨਗੇ।’ ਪੌਂਪੀਓ 4 ਤੋਂ 8 ਅਕਤੂੁਬਰ ਦੀ ਏਸ਼ੀਆ ਦੀ ਆਪਣੀ ਫੇਰੀ ਦੌਰਾਨ ਟੋਕੀਓ ਤੋਂ ਇਲਾਵਾ ਉਲਾਨਬਤਾਰ ਤੇ ਸਿਉਲ ਵੀ ਜਾਣਗੇ। ਇਸ ਦੌਰਾਨ ਭਾਰਤੀ ਜਲ ਸੈਨਾ ਨੇ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਚੀਨ ਦੇ ਵਧਦੇ ਕਦਮਾਂ ਨੂੰ ਰੋਕਣ ਲਈ ਰੂਸ ਸਮੇਤ ਚਾਰ ਮੁਲਕੀ ਸਮੂਹ ‘ਕੁਐਡ’ ਦੇ ਮੈਂਬਰ ਮੁਲਕਾਂ ਨਾਲ ਜੰਗੀ ਮਸ਼ਕਾਂ ਕੀਤੀਆਂ ਹਨ। ਭਾਰਤ ਤੇ ਜਾਪਾਨ ਨੇ ਜਿੱਥੇ 26 ਤੋਂ 28 ਸਤੰਬਰ ਦੌਰਾਨ ਉੱਤਰੀ ਅਰਬ ਸਾਗਰ ਵਿੱਚ ਮਸ਼ਕਾਂ ਕੀਤੀਆਂ, ਉਥੇ ਆਸਟਰੇਲੀਆ ਤੇ ਭਾਰਤੀ ਜਲ ਸੈਨਾਵਾਂ ਨੇ 23 ਤੋਂ 24 ਸਤੰਬਰ ਦੌਰਾਨ ਮਸ਼ਕਾਂ ਕੀਤੀਆਂ।
-ਏਜੰਸੀਆਂ