ਵੈਟੀਕਨ ਸਿਟੀ, 1 ਅਪਰੈਲ
ਪੋਪ ਫਰਾਂਸਿਸ ਨੇ ਕੈਨੇਡਾ ਵਿੱਚ ਗਿਰਜਾਘਰ ਵੱਲੋਂ ਚਲਾਏ ਜਾਂਦੇ ਰਿਹਾਇਸ਼ੀ ਸਕੂਲਾਂ ਦੇ ਬੱਚਿਆਂ ’ਤੇ ਢਾਹੇ ਜ਼ੁਲਮਾਂ ਲਈ ਮੂਲ ਵਾਸੀਆਂ ਤੋਂ ਮੁਆਫ਼ੀ ਮੰਗੀ ਹੈ। ਪੋਪ ਨੇ ਕਿਹਾ ਕਿ ਉਨ੍ਹਾਂ ਦੇ ਜੁਲਾਈ ਦੇ ਅਖੀਰ ਵਿੱਚ ਕੈਨੇਡਾ ਦੀ ਯਾਤਰਾ ਉੱਤੇ ਜਾਣ ਦੀ ਉਮੀਦ ਹੈ ਤਾਂ ਕਿ ਉਹ ਉਨ੍ਹਾਂ ਸਾਰੇ ਲੋਕਾਂ ਤੋਂ ਵਿਅਕਤੀਗਤ ਰੂਪ ਵਿੱਚ ਮੁੁਆਫ਼ੀ ਮੰਗ ਸਕਣ ਜਿਨ੍ਹਾਂ ਨੂੰ ਕੈਥੋਲਿਕ ਗਿਰਜਾਘਰ ਦੀ ਰਾਹ ਤੋਂ ਭਟਕੇ ਮਿਸ਼ਨਰੀ ਕਰਕੇ ਦੁਰਵਿਹਾਰ ਦਾ ਸਾਹਮਣਾ ਕਰਨਾ ਪਿਆ। ਫਰਾਂਸਿਸ ਨੇ ਮੁਆਫ਼ੀ ਮੰਗਦੇ ਹੋੲੈ ਮੇਟਿਸ, ਇਨੁਇਟ ਤੇ ਫਸਟ ਨੇਸ਼ਨਜ਼ ਭਾਈਚਾਰਿਆਂ ਦੇ ਕਈ ਮੈਂਬਰਾਂ ਨਾਲ ਕੈਨੇਡਾ ਦੀ ਯਾਤਰਾ ਕਰਨ ਦਾ ਸੰਕਲਪ ਦੁਹਰਾਇਆ। ਦੱਸ ਦਈਏ ਕਿ ਇਨ੍ਹਾਂ ਭਾਈਚਾਰਿਆਂ ਨੇ ਪੋਪ ਨੂੰ ਮੁਆਫ਼ੀ ਮੰਗਣ ਤੇ ਕੈਥੋਲਿਕ ਗਿਰਜਾਘਰ ਵੱਲੋਂ ਕੀਤੇ ਗਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਸੀ। ਕੈਨੇਡਾ ਵਿੱਚ 1,50,000 ਤੋਂ ਵੱਧ ਮੂਲ ਵਾਸੀ ਬੱਚਿਆਂ ਨੂੰ 19ਵੀਂ ਸ਼ਤਾਬਦੀ ਤੋਂ 1970 ਦੇ ਦਹਾਕੇ ਤੱਕ ਸਰਕਾਰੀ ਫੰਡਾਂ ਨਾਲ ਚਲਦੇ ਈਸਾਈ ਸਕੂਲਾਂ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਗਿਆ ਸੀ ਤਾਂ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਤੇ ਸਭਿਆਚਾਰ ਦੇ ਪ੍ਰਭਾਵ ਤੋਂ ਵੱਖ ਕੀਤਾ ਜਾ ਸਕੇ। -ਏਪੀ