ਪੋਰਟਲੈਂਡ 2 ਅਗਸਤ
ਪੋਰਟਲੈਂਡ ਪੁਲੀਸ ਬਿਊਰੋ ਨੇ ਬੀਤੀ ਰਾਤ ਇੱਕ ਸਭਾ ਨੂੰ ਗ਼ੈਰਕਾਨੂੰਨੀ ਐਲਾਨ ਦਿੱਤਾ ਇੱਥੇ ਲੋਕਾਂ ਨੇ ਇਕੱਠੇ ਹੋ ਕੇ ਪੁਲੀਸ ਅਫਸਰਾਂ ’ਤੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇਹ ਘਟਨਾ ’ਚ ਪ੍ਰਦਰਸ਼ਨਕਾਰੀ ਤੇ ਅਫ਼ਸਰ ਜ਼ਖ਼ਮੀ ਹੋ ਗਏ ਹਨ। ਟਰੰਪ ਪ੍ਰਸ਼ਾਸਨ ਵੱਲੋਂ ਫੈਡਰਲ ਏਜੰਟਾਂ ਦੀ ਓਰੇਗਨ ਤੋਂ ਨਫਰੀ ਘਟਾਉਣ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਸਮਾਜਿਕ ਕਾਰਕੁਨਾਂ ਤੇ ਓਰੇਗਨ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਪ੍ਰਦਰਸ਼ਨ ਬੰਦ ਕਰਕੇ ‘ਕਾਲਿਆਂ ਦੀ ਜ਼ਿੰਦਗੀ ਵੀ ਅਹਿਮਤੀਅਤ ਰੱਖਦੀ ਹੈ’ ਮੁਹਿੰਮ ਵੱਲ ਕੇਂਦਰਿਤ ਹੋਣ ਦਾ ਸੱਦਾ ਦਿੱਤਾ ਸੀ। ਬੀਤੀ ਸ਼ਾਮ ਪੋਰਟਲੈਂਡ ਦੀਆਂ ਵੱਖ ਵੱਖ ਥਾਵਾਂ ਤੋਂ ਇਕੱਠੇ ਹੋਏ ਲੋਕਾਂ ਨੇ ਬੁਲਾਰਿਆਂ ਨੂੰ ਸੁਣਨ ਤੋਂ ਬਾਅਦ ਜਸਟਿਸ ਸੈਂਟਰ ਵੱਲ ਮਾਰਚ ਦਾ ਫ਼ੈਸਲਾ ਕੀਤਾ। ਇਸ ਦੌਰਾਨ ਫੈਡਰਲ ਏਜੰਟਾਂ ਨੂੰ ਸੜਕਾਂ ’ਤੇ ਦੇਖ ਕੇ ਮੁਜ਼ਾਹਰਾਕਾਰੀ ਦੋ ਧੜਿਆਂ ’ਚ ਵੰਡ ਗਏ ਤੇ ਇੱਕ ਧੜੇ ਨੇ ਪੋਰਟਲੈਂਡ ਪੁਲੀਸ ਬਿਊਰੋ ਦੇ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਅਫਸਰਾਂ ’ਤੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ ਪੋਰਟਲੈਂਡ ਪੁਲੀਸ ਨੇ ਇਸ ਸਭਾ ਨੂੰ ਗ਼ੈਰਕਾਨੂੰਨੀ ਐਲਾਨ ਦਿੱਤਾ ਤੇ ਲੋਕਾਂ ਨੂੰ ਤਿੱਤਰ-ਬਿੱਤਰ ਹੋਣ ਦਾ ਹੁਕਮ ਦਿੱਤਾ ਅਤੇ ਇਸ ਤੋਂ ਬਾਅਦ ਲੋਕਾਂ ਨੂੰ ਖਿੰਡਾਉਣ ਲਈ ਤਾਕਤ ਦੀ ਵਰਤੋਂ ਵੀ ਕੀਤੀ।
-ਪੀਟੀਆਈ