ਕਾਠਮੰਡੂ, 13 ਮਾਰਚ
ਪੁਸ਼ਪ ਦਹਲ ਕਮਲ ਦੀ ਅਗਵਾਈ ਵਾਲੇ ਨੇਪਾਲ ਸੀਪੀਐੱਨ (ਐੱਮਸੀ) ਨੇ ਸ਼ਨਿਚਰਵਾਰ ਨੂੰ ਪ੍ਰਧਾਨ ਮੰਤਰੀ ਕੇ.ਪੀ. ਓਲੀ ਦੀ ਅਗਵਾਈ ਵਜ਼ਾਰਤ ਤੋਂ ਆਪਣੇ ਵਜ਼ੀਰਾਂ ਨੂੰ ਵਾਪਸ ਬੁਲਾ ਲਿਆ ਹੈ। ਪਾਰਟੀ ਵੱਲੋਂ ਸੀਪੀਐੱਨ-ਯੂਐੱਮਐੱਡ ਦੀ ਕੇਂਦਰੀ ਕਮੇਟੀ ’ਚ ਨਾਮਜ਼ਦ ਆਪਣੇ ਸਾਰੇ ਨੇਤਾਵਾਂ ਨੇ 24 ਘੰਟਿਆਂ ’ਚ ਆਪਣਾ ਰੁਖ ਸਪੱਸ਼ਟ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਨਾਲ ਦੋਵਾਂ ਧੜਿਆਂ ’ਚ ਦੂਰੀ ਹੋਰ ਵਧ ਗਈ ਹੈ। ਕਾਠਮੰਡੂ ਪੋਸਟ ਦੀ ਖ਼ਬਰ ਮੁਤਾਬਕ ਗ੍ਰਹਿ ਮੰਤਰੀ ਰਾਮ ਬਹਾਦੁਰ ਥਾਪਾ, ਊਰਜਾ ਅਤੇ ਜਲ ਸਰੋਤ ਮੰਤਰੀ ਤੇ ਸਿੰਚਾਈ ਮੰਤਰੀ ਟੋਪ ਬਹਾਦੁਰ ਰਾਏਮਾਝੀ, ਜਲ ਸਪਲਾਈ ਮੰਤਰੀ ਮਣੀ ਚੰਦਰ ਥਾਪਾ, ਸ਼ਹਿਰੀ ਵਿਕਾਸ ਮੰਤਰੀ ਪ੍ਰਭੂ ਸ਼ਾਹ, ਯੁਵਾ ਤੇ ਖੇਡ ਮਾਮਲਿਆਂ ਦੇ ਮੰਤਰੀ ਦਾਵਾ ਲਾਮਾ ਅਤੇ ਕਿਰਤ ਮੰਤਰੀ ਗੌਰੀ ਸ਼ੰਕਰ ਚੌਧਰੀ ਨੂੰ ਵਾਪਸ ਸੱਦਿਆ ਗਿਆ ਹੈ। ਪਾਰਟੀ ਦਫ਼ਤਰ ਵੱਲੋਂ ਦੱਸਿਆ ਗਿਆ ਕਿ ਇਹ ਫ਼ੈਸਲਾ ਪੈਰਿਸ ਦਾਂਡਾ ’ਚ ਅੱਜ ਸਵੇਰੇ ਹੋਈ ਸੀਪੀਐੱਨ-ਐੱਮਸੀ ਦੀ ਸਥਾਈ ਕਮੇਟੀ ਦੀ ਬੈਠਕ ’ਚ ਲਿਆ ਗਿਆ। ਕਮੇਟੀ ਮੈਂਬਰ ਦੇਵੇਂਦਰ ਪੌਡੇਲ ਮੁਤਾਬਕ ਪਾਰਟੀ ਦੇ ਫ਼ੈਸਲੇ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਜਾਵੇਗੀ। -ਪੀਟੀਆਈ