ਸਿਨੀਆਹ ਟਾਪੂ (ਯੂਏਈ), 4 ਨਵੰਬਰ
ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਤੱਟ ਤੋਂ ਥੋੜ੍ਹੀ ਦੂਰ ਇੱਕ ਟਾਪੂ ‘ਤੇ ਪ੍ਰਾਚੀਨ ਈਸਾਈ ਮੱਠ ਮਿਲਿਆ ਹੈ, ਜੋ ਸ਼ਾਇਦ ਅਰਬ ਪ੍ਰਾਇਦੀਪ ਵਿੱਚ ਇਸਲਾਮ ਦੇ ਫੈਲਣ ਤੋਂ ਕਈ ਸਾਲ ਪਹਿਲਾਂ ਦਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਖੁਲਾਸਾ ਕੀਤਾ। ਸਿਨੀਆਹ ਟਾਪੂ ਸਥਿਤ ਇਹ ਮੱਠ ਫਾਰਸ ਦੀ ਖਾੜੀ ਦੇ ਤੱਟਵਰਤੀ ਇਲਾਕਿਆਂ ਵਿੱਚ ਮੁੱਢਲੇ ਈਸਾਈ ਧਰਮ ਦੇ ਇਤਿਹਾਸ ਬਾਰੇ ਨਵੀਂ ਰੋਸ਼ਨੀ ਪਾਉਂਦਾ ਹੈ। ਯੂਏਈ ਵਿੱਚ ਮਿਲਿਆ ਇਹ ਇਸ ਤਰ੍ਹਾਂ ਦਾ ਦੂਜਾ ਮੱਠ ਹੈ, ਜਿਸ ਨੂੰ ਕਰੀਬ 1400 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਇਹ ਅਰਬ ਰੇਗਿਸਤਾਨ ਵਿੱਚ ਤੇਲ ਸਨਅਤ ਸ਼ੁਰੂ ਹੋਣ ਤੋਂ ਪਹਿਲਾਂ ਦਾ ਹੈ ਜਿਸ ਕਾਰਨ ਆਬੂਧਾਬੀ ਅਤੇ ਦੁਬਈ ਵਿੱਚ ਉੱਚੀਆਂ-ਉੱਚੀਆਂ ਇਮਾਰਤਾਂ ਬਣਨ ਦਾ ਰਾਹ ਪੱਧਰਾ ਹੋਇਆ। ਇਹ ਦੋਵੇਂ ਮੱਠ ਇਤਿਹਾਸ ਵਿੱਚ ਗੁਆਚ ਗਏ ਹਨ ਕਿਉਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਈਸਾਈਆਂ ਨੇ ਹੌਲੀ-ਹੌਲੀ ਇਸਲਾਮ ਅਪਣਾ ਲਿਆ, ਜੋ ਇਸ ਖੇਤਰ ਵਿੱਚ ਵਿਆਪਕ ਪੱਧਰ ‘ਤੇ ਵਿਕਸਤ ਹੋਇਆ। ਅੱਜ ਈਸਾਈ ਮੱਧ ਪੂਰਬ ਦੇ ਵਿਸ਼ਾਲ ਖੇਤਰ ਵਿੱਚ ਘੱਟ ਗਿਣਤੀ ‘ਚ ਹਨ। ਹਾਲਾਂਕਿ ਪੋਪ ਫਰਾਂਸਿਸ ਮੁਸਲਿਮ ਆਗੂਆਂ ਨਾਲ ਅੰਤਰ-ਧਰਮ ਸੰਵਾਦ ਅੱਗੇ ਵਧਾਉਣ ਲਈ ਬਹਿਰੀਨ ਪਹੁੰਚੇ ਹਨ।
ਯੂਏਈ ਯੂਨੀਵਰਸਿਟੀ ਦੇ ਪੁਰਾਤੱਤਵ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਟਿਮੋਥੀ ਪਾਵਰ ਨੇ ਨਵੇਂ ਖੋਜੇ ਗਏ ਮੱਠ ਦੀ ਜਾਂਚ ਵਿੱਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ 1000 ਸਾਲ ਪਹਿਲਾਂ ਇੱਥੇ ਅਜਿਹਾ ਕੁਝ ਵਾਪਰ ਰਿਹਾ ਸੀ, ਜੋ ਸੱਚਮੁੱਚ ਹੀ ਅਜੀਬ ਹੈ ਅਤੇ ਇਹ ਇੱਕ ਅਜਿਹੀ ਕਹਾਣੀ ਹੈ ਜੋ ਲੋਕਾਂ ਨੂੰ ਦੱਸਣ ਦੀ ਜ਼ਰੂਰਤ ਹੈ। ਇਹ ਟਾਪੂ ਦੁਬਈ ਦੇ ਉੱਤਰ-ਪੂਰਬ ਵਿੱਚ ਕਰੀਬ 50 ਕਿਲੋਮੀਟਰ ਦੀ ਦੂਰੀ ‘ਤੇ ਫਾਰਸ ਦੀ ਖਾੜੀ ਦੇ ਤੱਟ ਨੇੜੇ ਸਥਿਤ ਹੈ। ਕਾਰਬਨ ਡੇਟਿੰਗ ਅਨੁਸਾਰ ਇਸ ਮੱਠ ਦੀ ਸਥਾਪਨਾ ਮਿਤੀ 534 ਈਸਵੀ ਤੋਂ 656 ਈਸਵੀ ਦੇ ਵਿਚਾਲੇ ਦੱਸੀ ਗਈ , ਜਦੋਂ ਕਿ ਇਸਲਾਮ ਦੇ ਪੈਗੰਬਰ ਮੁਹੰਮਦ ਦਾ ਜਨਮ ਕਰੀਬ 570 ਈਸਵੀ ਵਿੱਚ ਹੋਇਆ ਸੀ ਅਤੇ ਉਨ੍ਹਾਂ 632 ਵਿੱਚ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਸੀ। -ਪੀਟੀਆਈ