ਵਾਸ਼ਿੰਗਟਨ, 5 ਨਵੰਬਰ
ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੀ ਚੋਣ ਲਈ ਅੱਜ ਵੱਡੀ ਗਿਣਤੀ ’ਚ ਵੋਟਰ ਵੋਟਿੰਗ ਕੇਂਦਰਾਂ ’ਚ ਪੁੱਜੇ। ਲੰਘੀ ਰਾਤ ਦੋਵਾਂ ਉਮੀਦਵਾਰਾਂ ਰਿਪਬਲਿਕਨ ਪਾਰਟੀ ਦੇ ਡੋਨਲਡ ਟਰੰਪ ਤੇ ਡੈਮੋਕਰੈਟਿਕ ਪਾਰਟੀ ਦੀ ਕਮਲਾ ਹੈਰਿਸ ਨੇ ਵੋਟਰਾਂ ਨੂੰ ਰਿਝਾਉਣ ਲਈ ਸੱਤ ‘ਸਵਿੰਗ’ ਰਾਜਾਂ ’ਚੋਂ ਸਭ ਤੋਂ ਵੱਡੇ ਇਲੈਕਟੋਰਲ ਕਾਲਜ ਵਾਲੇ ਪੈਨਸਿਲਵੇਨੀਆ ’ਚ ਕਾਫੀ ਸਮਾਂ ਬਿਤਾਇਆ। ਵੱਖ ਵੱਖ ਮੀਡੀਆ ਅਦਾਰਿਆਂ ਵੱਲੋਂ ਕਰਵਾਏ ਗਏ ਸਰਵੇਖਣਾਂ ’ਚ ਹੈਰਿਸ (60) ਤੇ ਟਰੰਪ (78) ਵਿਚਾਲੇ ਸਖਤ ਟੱਕਰ ਦਿਖਾਈ ਦਿੱਤੀ, ਜਦਕਿ ਡੈਮੋਕਰੈਟ ਉਮੀਦਵਾਰ ਨੂੰ ਮਾਮੂਲੀ ਲੀਡ ਮਿਲਣ ਦਾ ਅਨੁਮਾਨ ਜ਼ਾਹਿਰ ਕੀਤਾ ਗਿਆ। ਪੈਨਸਿਲਵੇਨੀਆ ਤੋਂ ਇਲਾਵਾ ਹੋਰ ਅਹਿਮ ਰਾਜ ਐਰੀਜ਼ੋਨਾ, ਜੌਰਜੀਆ, ਮਿਸ਼ੀਗਨ, ਨੇਵਾਦਾ, ਉੱਤਰੀ ਕੈਰੋਲੀਨਾ ਅਤੇ ਵਿਸਕੌਨਸਿਨ ਹਨ। ਅਮਰੀਕਾ ਭਰ ’ਚ ਮੁੱਢਲੀ ਵੋਟਿੰਗ ਤੇ ਡਾਕ ਰਾਹੀਂ ਵੋਟਿੰਗ ’ਤੇ ਨਜ਼ਰ ਰੱਖਣ ਵਾਲੇ ਫਲੋਰੀਡਾ ਯੂਨੀਵਰਸਿਟੀ ਦੇ ‘ਇਲੈਕਸ਼ਨ ਹੱਬ’ ਅਨੁਸਾਰ 8.2 ਕਰੋੜ ਤੋਂ ਵੱਧ ਅਮਰੀਕਾ ਪਹਿਲਾਂ ਹੀ ਆਪਣੀ ਵੋਟ ਪਾ ਚੁੱਕੇ ਹਨ।
ਆਪਣੀਆਂ ਆਖਰੀ ਰੈਲੀਆਂ ’ਚ ਦੋਵਾਂ ਉਮੀਦਵਾਰਾਂ ਨੇ ਦੇਸ਼ ਨੂੰ ਅੱਗੇ ਲਿਜਾਣ ਬਾਰੇ ਇੱਕ-ਦੂਜੇ ਦੇ ਉਲਟ ਨਜ਼ਰੀਏ ਨਾਲ ਪ੍ਰਚਾਰ ਕਰਕੇ ਆਪਣੀਆਂ ਮੁਹਿੰਮਾਂ ਖਤਮ ਕੀਤੀਆਂ। ਹੈਰਿਸ ਨੇ ਜਿੱਥੇ ਨਫਰਤ ਤੇ ਵੰਡ ’ਤੇ ਕਾਬੂ ਪਾਉਣ ਅਤੇ ਨਵੀਂ ਸ਼ੁਰੂਆਤ ਕਰਨ ਦੇ ਨਜ਼ਰੀਏ ਦਾ ਸੱਦਾ ਦਿੱਤਾ ਉੱਥੇ ਹੀ ਟਰੰਪ ਨੇ ਡੈਮੋਕਰੈਟਿਕ ਪਾਰਟੀ ਦੇ ਸ਼ਾਸਨ ਤਹਿਤ ਹਨੇਰੇ ਭਰੇ ਭਵਿੱਖ ਦੀ ਚਿਤਾਵਨੀ ਦਿੱਤੀ। ਹੈਰਿਸ ਨੇ ਪੈਨਸਿਲਵੇਨੀਆ ’ਚ ਆਪਣੀ ਪ੍ਰਚਾਰ ਮੁਹਿੰਮ ਖਤਮ ਕਰਦਿਆਂ ਕਿਹਾ, ‘ਅੱਜ ਰਾਤ ਅਸੀਂ ਆਸ਼ਾਵਾਦ, ਊਰਜਾ ਤੇ ਖੁਸ਼ੀ ਨਾਲ ਆਪਣਾ ਪ੍ਰਚਾਰ ਖਤਮ ਕਰਾਂਗੇ।’ ਆਪਣੇ ਸਮਾਪਤੀ ਭਾਸ਼ਣ ’ਚ ਟਰੰਪ ਨੇ ਕਿਹਾ, ‘ਅੱਜ ਰਾਤ ਤੁਹਾਨੂੰ ਤੇ ਸਾਰੇ ਅਮਰੀਕੀਆਂ ਲਈ ਮੇਰਾ ਸੁਨੇਹਾ ਬਹੁਤ ਸਰਲ ਹੈ। ਸਾਨੂੰ ਇਸ ਤਰ੍ਹਾਂ ਜਿਊਣ ਦੀ ਲੋੜ ਨਹੀਂ ਹੈ।’ ਅਮਰੀਕਾ ’ਚ 50 ਰਾਜ ਹਨ ਤੇ ਉਨ੍ਹਾਂ ’ਚੋਂ ਵਧੇਰੇ ਰਾਜ ਹਰ ਚੋਣ ’ਚ ਇਕ ਹੀ ਪਾਰਟੀ ਨੂੰ ਵੋਟ ਦਿੰਦੇ ਰਹੇ ਹਨ ਬਸ ‘ਸਵਿੰਗ’ ਰਾਜਾਂ ਨੂੰ ਛੱਡ ਕੇ। ਦੱਸਿਆ ਜਾਂਦਾ ਹੈ ਕਿ ਚੋਣਾਂ ਦੇ ਰੂਪ ’ਚ ਅਹਿਮ ਮੰਨੇ ਜਾਣ ਵਾਲੇ ਇਨ੍ਹਾਂ ਸਵਿੰਗ ਰਾਜਾਂ ’ਚ ਵੋਟਰਾਂ ਦਾ ਰੁਝਾਨ ਬਦਲਦਾ ਰਹਿੰਦਾ ਹੈ। -ਪੀਟੀਆਈ
ਚੋਣਾਂ ਨੂੰ ਪ੍ਰਭਾਵਿਤ ਕਰਨ ਦੀਆਂ ਹੋ ਰਹੀਆਂ ਨੇ ਕੋਸ਼ਿਸ਼ਾਂ: ਅਮਰੀਕਾ
ਅਮਰੀਕੀ ਏਜੰਸੀਆਂ ਨੇ ਚੋਣਾਂ ਦੀ ਪੂਰਬਲੀ ਸੰਧਿਆ ਚੋਣ ’ਚ ਭੰਡੀ ਪ੍ਰਚਾਰ ਨਾਲ ਸਬੰਧਤ ਰੂਸ ਦੀਆਂ ਕੋਸ਼ਿਸ਼ਾਂ ਨਾਕਾਮ ਕਰਨ ਦਾ ਦਾਅਦਾ ਕੀਤਾ ਹੈ। ਸੰਘੀ ਏਜੰਸੀਆਂ ਦੇ ਅਧਿਕਾਰੀਆਂ ਨੇ ਇੱਕ ਸਾਂਝੇ ਬਿਆਨ ’ਚ ਹਾਲ ਹੀ ਵਿੱਚ ਰੂਸ ਹਮਾਇਤੀਆਂ ਦੇ ਇੱਕ ਲੇਖ ਦਾ ਜ਼ਿਕਰ ਕੀਤਾ ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਰਾਸ਼ਟਰਪਤੀ ਚੋਣਾਂ ’ਚ ‘ਸਵਿੰਗ ਰਾਜਾਂ’ ਵਿੱਚ ਅਮਰੀਕੀ ਅਧਿਕਾਰੀ ਧੋਖਾਧੜੀ ਦੀ ਯੋਜਨਾ ਬਣਾ ਰਹੇ ਹਨ। ਇਸ ਲੇਖ ਨਾਲ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ। ਰੂਸੀ ਦੂਤਾਵਾਸ ਨੇ ਹਾਲਾਂਕਿ ਇਨ੍ਹਾ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।