ਸੰਯੁਕਤ ਰਾਸ਼ਟਰ, 17 ਮਾਰਚ
ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਸੰਯੁਕਤ ਰਾਸ਼ਟਰ ’ਚ ਆਪਣੇ ਪਹਿਲੇ ਸੰਬੋਧਨ ’ਚ ਕਿਹਾ ਕਿ ਲੋਕਤੰਤਰ ਦੀ ਸਥਿਤੀ ਮੂਲ ਤੌਰ ’ਤੇ ਔਰਤਾਂ ਦੇ ਸ਼ਕਤੀਕਰਨ ’ਤੇ ਨਿਰਭਰ ਕਰਦੀ ਹੈ ਅਤੇ ਫ਼ੈਸਲੇ ਲੈਣ ਦੀ ਪ੍ਰਕਿਰਿਆ ’ਚੋਂ ਉਨ੍ਹਾਂ ਨੂੰ ਬਾਹਰ ਰੱਖਣਾ ਇਸ ਪਾਸੇ ਇਸ਼ਾਰਾ ਕਰਦਾ ਹੈ ਕਿ ‘ਲੋਕਤੰਤਰ ਵਿੱਚ ਖਾਮੀ’ ਹੈ। ਹੈਰਿਸ ਨੇ ਔਰਤਾਂ ਦੇ ਰੁਤਬੇ ਸਬੰਧੀ ਸੰਯੁਕਤ ਰਾਸ਼ਟਰ ਕਮਿਸ਼ਨ ਦੇ 65ਵੇਂ ਸੈਸ਼ਨ ’ਚ ਸੰਬੋਧਨ ਦੌਰਾਨ ਦੁਨੀਆ ਭਰ ’ਚ ਲੋਕਤੰਤਰ ਅਤੇ ਆਜ਼ਾਦੀ ’ਚ ਨਿਘਾਰ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ, ‘ਔਰਤਾਂ ਦੀ ਹਿੱਸੇਦਾਰੀ ਲੋਕਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ।’ ਇਹ ਵਰਚੁਅਲ ਸੈਸ਼ਨ 26 ਮਾਰਚ ਤੱਕ ਚੱਲਣਾ ਹੈ। ਉਨ੍ਹਾਂ ਕਿਹਾ, ‘ਅਸੀਂ ਜਾਣਦੇ ਹਾਂ ਕਿ ਅੱਜ ਜਮਹੂਰੀਅਤ ’ਤੇ ਦਬਾਅ ਵਧ ਰਿਹਾ ਹੈ। ਅਸੀਂ ਦੇਖਿਆ ਹੈ ਕਿ ਲਗਾਤਾਰ 15 ਸਾਲਾਂ ਤੋਂ ਦੁਨੀਆ ਭਰ ਵਿੱਚ ਆਜ਼ਾਦੀ ਦੀ ਸਥਿਤੀ ’ਚ ਗਿਰਾਵਟ ਆਈ ਹੈ। ਇੱਥੋਂ ਤੱਕ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਲੰਘਿਆ ਵਰ੍ਹਾ ਲੋਕਤੰਤਰ ਅਤੇ ਆਜ਼ਾਦੀ ’ਚ ਨਿਘਾਰ ਦੇ ਲਿਹਾਜ਼ ਪੱਖੋਂ ਸਭ ਤੋਂ ਬੁਰਾ ਸਾਲ ਰਿਹਾ।’ ਹੈਰਿਸ ਨੇ ਕਿਹਾ, ‘ਔਰਤਾਂ ਦੀ ਸਥਿਤੀ, ਲੋਕਤੰਤਰ ਦੀ ਸਥਿਤੀ ਹੈ ਅਤੇ ਅਮਰੀਕਾ ਦੋਵਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰੇਗਾ।’
-ਪੀਟੀਆਈ
ਭਾਰਤੀ-ਅਮਰੀਕੀ ਮਹਿਲਾ ਕਾਰੋਬਾਰੀ ਵੱਲੋਂ ਕਮਲਾ ਹੈਰਿਸ ਨਾਲ ਮੀਟਿੰਗ
ਵਾਸ਼ਿੰਗਟਨ: ਭਾਰਤੀ-ਅਮਰੀਕੀ ਮਹਿਲਾ ਕਾਰੋਬਾਰੀ ਲਲਿਤਾ ਚਿਤੂਰ, ਜੋ ਸਟੇਨਲੈੱਸ ਸਟੀਲ, ਬਾਂਸ ਤੇ ਲੱਕੜੀ ਦੀ ਦਰਾਮਦ ਅਤੇ ਭਾਰਤ ’ਚ ਵਿਧਵਾਵਾਂ ਦੀ ਮਦਦ ਕਰਦੀ ਹੈ, ਅੱਜ ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਰਾਊਂਡ ਟੇਬਲ ਮੀਟਿੰਗ ’ਚ ਸ਼ਾਮਲ ਹੋਈ ਅਤੇ ਉਨ੍ਹਾਂ ਨੂੰ ਆਲਮੀ ਪਲਾਸਟਿਕ ਨੀਤੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਹੈਰਿਸ ਨੇ ਛੋਟੇ ਉਦਯੋਗਾਂ ਨੂੰ ਹਰ ਭਾਈਚਾਰੇ ਦੀ ਧੜਕਣ ਤੇ ਕਾਰੋਬਾਰੀਆਂ ਨੂੰ ਆਮ ਭਾਈਚਾਰੇ ਲਈ ਰੋਲ ਮਾਡਲ ਕਰਾਰ ਦਿੱਤਾ। ਉਪ-ਰਾਸ਼ਟਰਪਤੀ ਨੇ ਪ੍ਰਸ਼ਾਸਨ ਵੱਲੋਂ ਜਲਵਾਯੂ ਤਬਦੀਲੀ ਸਬੰਧੀ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ।