ਸਿੰਗਾਪੁਰ, 28 ਜੁਲਾਈ
ਭਾਰਤੀ ਮੂਲ ਦੇ ਸਿਆਸਤਦਾਨ ਪ੍ਰੀਤਮ ਸਿੰਘ ਨੂੰ ਸਿੰਗਾਪੁਰ ਵਿਚ ਵਿਰੋਧੀ ਧਿਰ ਦਾ ਆਗੂ ਥਾਪਿਆ ਗਿਆ ਹੈ। ਸਿੰਗਾਪੁਰ ਦੇ ਇਤਿਹਾਸ ਵਿਚ ਇਹ ਅਜਿਹੀ ਪਹਿਲੀ ਨਿਯੁਕਤੀ ਹੈ। 43 ਸਾਲਾ ਪ੍ਰੀਤਮ ਸਿੰਘ ਦੀ ‘ਵਰਕਰਜ਼ ਪਾਰਟੀ’ ਨੇ 10 ਸੰਸਦੀ ਸੀਟਾਂ ਜਿੱਤੀਆਂ ਹਨ। ਦਸ ਜੁਲਾਈ ਨੂੰ ਆਮ ਚੋਣਾਂ ’ਚ ਪਾਰਟੀ ਨੇ 93 ਸੀਟਾਂ ਉਤੇ ਚੋਣ ਲੜੀ ਸੀ। ਉਨ੍ਹਾਂ ਦੀ ਪਾਰਟੀ ਸਿੰਗਾਪੁਰ ਦੀ ਸੰਸਦ ਵਿਚ ਸਭ ਤੋਂ ਵੱਡੇ ਵਿਰੋਧੀ ਧੜੇ ਵਜੋਂ ਉੱਭਰੀ ਹੈ। ਪ੍ਰੀਤਮ ਪਾਰਟੀ ਦੇ ਸਕੱਤਰ-ਜਨਰਲ ਹਨ। ਜ਼ਿਕਰਯੋਗ ਹੈ ਕਿ ਸਿੰਗਾਪੁਰ ਵਿਚ ਰਸਮੀ ਤੌਰ ’ਤੇ ਕਦੇ ਵਿਰੋਧੀ ਧਿਰ ਦਾ ਆਗੂ ਨਹੀਂ ਚੁਣਿਆ ਜਾਂਦਾ। ਸੰਵਿਧਾਨ ਵਿਚ ਵੀ ਇਸ ਬਾਰੇ ਲਿਖਤੀ ਰੂਪ ’ਚ ਕੁਝ ਨਹੀਂ ਹੈ। ਪ੍ਰੀਤਮ ਨੂੰ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਵਿਰੋਧੀ ਧਿਰ ਦਾ ਆਗੂ ਨਿਯਕੁਤ ਕੀਤਾ ਹੈ। ਸੱਤਾਧਾਰੀ ਪੀਪਲਜ਼ ਐਕਸ਼ਨ ਪਾਰਟੀ ਨੇ 83 ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ ਤੇ ਸਰਕਾਰ ਨੇ ਸੋਮਵਾਰ ਹਲਫ਼ ਲਿਆ ਹੈ। ਸਿੰਗਾਪੁਰ ਵਿਚ ਵੈਸਟਮਿੰਸਟਰ ਸੰਸਦੀ ਢਾਂਚਾ ਲਾਗੂ ਹੈ। ਪ੍ਰੀਤਮ ਪੇਸ਼ੇ ਵਜੋਂ ਵਕੀਲ ਹਨ ਤੇ ਨਵੀਂ ਭੂਮਿਕਾ ਲਈ ਉਨ੍ਹਾਂ ਨੂੰ 3,85,000 ਸਿੰਗਾਪੁਰ ਡਾਲਰ ਦਾ ਪੈਕੇਜ ਮਿਲੇਗਾ।
-ਪੀਟੀਆਈ