ਵਾਸ਼ਿੰਗਟਨ: ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਕਿਹਾ ਕਿ ਉਸ ਨੇ ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਪਿੱਛੇ ਜਿਹੇ ਹੋਏ ਸੰਵਾਦ ਦੌਰਾਨ ਵੋਟ ਦੇ ਅਧਿਕਾਰ ਸਮੇਤ ਮਹਿਲਾਵਾਂ ਦੇ ਹੱਕਾਂ ਬਾਰੇ ਵਿਚਾਰ ਚਰਚਾ ਕੀਤੀ ਹੈ। ਪ੍ਰਿਯੰਕਾ ਨੇ ਲੰਘੇ ਸ਼ੁੱਕਰਵਾਰ ਹੈਰਿਸ ਨਾਲ ਉਸ ਸਮੇਂ ਗੱਲਬਾਤ ਕੀਤੀ ਸੀ ਜਦੋਂ ਉਹ ਡੈਮੋਕਰੈਟਿਕ ਨੈਸ਼ਨਲ ਕਮੇਟੀ ਦੀ ਵਿਮੈਨ ਲੀਡਰਸ਼ਿਪ ਫੋਰਮ ਦੀ ਕਾਨਫਰੰਸ ’ਚ ਸ਼ਾਮਲ ਹੋਣ ਪਹੁੰਚੇ ਹੋਏ ਸਨ। ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਕਾਨਫਰੰਸ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦਿਆਂ ਹੈਰਿਸ ਨਾਲ ਹੋਈ ਆਪਣੀ ਗੱਲਬਾਤ ਦੇ ਵੇਰਵੇ ਵੀ ਸਾਂਝੇ ਕੀਤੇ ਹਨ। ਉਸ ਨੇ ਕਿਹਾ, ‘ਮੁੱਢਲੇ ਦੌਰ ਤੋਂ ਹੀ ਦੁਨੀਆ ਭਰ ’ਚ ਮਹਿਲਾਵਾਂ ਦੀ ਸ਼ਕਤੀ ਨੂੰ ਘੱਟ ਕਰਕੇ ਦੇਖਿਆ ਜਾਂਦਾ ਹੈ। ਸਾਨੂੰ ਨਕਾਰਿਆ ਗਿਆ ਤੇ ਚੁੱਪ ਕਰਾਇਆ ਗਿਆ ਪਰ ਉਨ੍ਹਾਂ ਸਵਾਰਥਹੀਣ ਔਰਤਾਂ ਦੀਆਂ ਕੁਰਬਾਨੀਆਂ ਤੇ ਦ੍ਰਿੜ੍ਹਤਾ ਦਾ ਸ਼ੁਕਰੀਆ ਜਿਨ੍ਹਾਂ ਕਰਕੇ ਅੱਜ ਅਸੀਂ ਇਕੱਠੀਆਂ ਹੋਈਆਂ ਹਾਂ ਅਤੇ ਗਲਤ ਕੰਮਾਂ ਖ਼ਿਲਾਫ਼ ਮਿਲ ਕੇ ਕੰਮ ਕਰ ਰਹੀਆਂ ਹਾਂ।’ ਉਸ ਨੇ ਲਿਖਿਆ, ‘ਵਾਸ਼ਿੰਗਟਨ ਡੀਸੀ ’ਚ ਵਿਮੈਨ ਲੀਡਰਸ਼ਿਪ ਫੋਰਮ ਦੀ ਕਾਨਫਰੰਸ ਦੌਰਾਨ ਮਾਣਯੋਗ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮਹਿਲਾਵਾਂ ਦੇ ਹੱਕਾਂ ਬਾਰੇ ਵਿਚਾਰ ਚਰਚਾ ਕੀਤੀ।’ -ਪੀਟੀਆਈ