ਨਵੀਂ ਦਿੱਲੀ, 18 ਅਕਤੂਬਰ
ਭਾਰਤ-ਰੂਸ ਦੇ ਸਾਂਝੇ ਉੱਦਮ ਤਹਿਤ ਇਸ ਸਾਲ ਦੇ ਅੰਤ ਤੱਕ ਉੱਤਰ ਪ੍ਰਦੇਸ਼ ਵਿੱਚ ਏਕੇ-203 ਅਸਾਲਟ ਰਾਈਫਲਾਂ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ। ਸੀਨੀਅਰ ਰੂਸੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇੰਡੋ-ਰਸ਼ੀਆ ਰਾਈਫਲਜ਼ ਪ੍ਰਾਈਵੇਟ ਲਿਮਟਿਡ ਦੀ ਸਥਾਪਨਾ 2019 ਵਿੱਚ ਅਮੇਠੀ ਜ਼ਿਲ੍ਹੇ ਦੀ ਕੋਰਵਾ ਆਰਡੀਨੈਂਸ ਫੈਕਟਰੀ ਵਿੱਚ ਰੂਸੀ ਕਲਾਸ਼ਨੀਕੋਵ ਅਸਾਲਟ ਰਾਈਫਲਾਂ ਦੇ ਉਤਪਾਦਨ ਲਈ ਕੀਤੀ ਗਈ ਸੀ। ਰੋਸੋਬੋਰੋਨਐਕਸਪੋਰਟ ਦੇ ਡਾਇਰੈਕਟਰ ਜਨਰਲ ਅਲੈਗਜ਼ੈਂਡਰ ਮਿਖੀਵ ਨੇ ਕਿਹਾ, ‘‘ਕੋਰਵਾ ਆਰਡੀਨੈਂਸ ਫੈਕਟਰੀ 2022 ਦੇ ਅੰਤ ਤੱਕ ਕਲਾਸ਼ਨੀਕੋਵ ਏਕੇ-203 ਅਸਾਲਟ ਰਾਈਫਲਾਂ ਦਾ ਨਿਰਮਾਣ ਸ਼ੁਰੂ ਕਰਨ ਲਈ ਤਿਆਰ ਹੈ। ਰੋਸੋਬੋਰੋਨਐਕਸਪੋਰਟ ਰੂਸ ਵੱਲੋਂ ਸੰਚਾਲਿਤ ਰੱਖਿਆ ਸੰਸਥਾ ਹੈ ਜੋ ਵਿਦੇਸ਼ੀ ਮੁਲਕਾਂ ਸਮੇਤ ਵੱਖ-ਵੱਖ ਪ੍ਰਮੁੱਖ ਫੌਜੀ ਪ੍ਰਾਜੈਕਟਾਂ ਦੀ ਨਿਗਰਾਨੀ ਕਰਦੀ ਹੈ। ਮਿਖੀਵ ਨੇ ਕਿਹਾ ਕਿ ਉਨ੍ਹਾਂ ਦੀ ਯੋਜਨਾ ਵਿੱਚ ਭਾਰਤ ਵਿੱਚ ਰੂਸੀ ਅਸਾਲਟ ਰਾਈਫਲਾਂ ਦੇ ਉਤਪਾਦਨ ਦਾ 100 ਫੀਸਦੀ ਸਥਾਨੀਕਰਨ ਸ਼ਾਮਲ ਹੈ। ਭਵਿੱਖ ਵਿੱਚ, ਸੰਯੁਕਤ ਉੱਦਮ ਤਹਿਤ ਕਲਾਸ਼ਨੀਕੋਵ ਅਸਾਲਟ ਰਾਈਫਲ ਪਲੇਟਫਾਰਮ ’ਤੇ ਅਧਾਰਤ ਉੱਨਤ ਰਾਈਫਲਾਂ ਦਾ ਉਤਪਾਦਨ ਵਧਾਇਆ ਜਾ ਸਕਦਾ ਹੈ। ਇਹ ਕੰਪਨੀ ਗਾਂਧੀਨਗਰ ਵਿਚ ਚਲ ਰਹੇ 5 ਦਿਨਾਂ ਡਿਫੈਂਸ ਐਕਸਪੋ ਵਿੱਚ ਹਿੱਸਾ ਲੈ ਰਹੀ ਹੈ ਅਤੇ ਇਹ ਐਕਸਪੋ 18 ਅਕਤੂਬਰ ਤੋਂ ਸ਼ੁਰੂ ਹੋਇਆ ਹੈ। -ਪੀਟੀਆਈ