ਟੋਰਾਂਟੋ, 2 ਫਰਵਰੀ
ਸ਼ਿਸ਼ਟਾਚਾਰ ਅਤੇ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਵਜੋਂ ਜਾਣੇ ਜਾਂਦੇ ਕੈਨੇਡਾ ’ਚ ਉਸ ਸਮੇਂ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਹਜ਼ਾਰਾਂ ਦੀ ਗਿਣਤੀ ’ਚ ਨਾਗਰਿਕ ਕਰੋਨਾ ਵੈਕਸੀਨ ਤੇ ਕੋਵਿਡ- 19 ਖ਼ਿਲਾਫ਼ ਲਾਈਆਂ ਜਾ ਰਹੀਆਂ ਪਾਬੰਦੀਆਂ ਦੇ ਵਿਰੋਧ ’ਚ ਇੱਥੇ ਰਾਜਧਾਨੀ ’ਚ ਹਫ਼ਤੇ ਦੀ ਸ਼ੁਰੂਆਤ ਤੋਂ ਰੋਸ ਪ੍ਰਗਟਾਉਂਦੇ ਨਜ਼ਰ ਆਏ। ਉਨ੍ਹਾਂ ਪਾਰਲੀਮੈਂਟ ਹਿੱਲ ਨੇੜੇ ਜਾਣ-ਬੁੱਝ ਕੇ ਟਰੈਫਿਕ ’ਚ ਵੀ ਵਿਘਨ ਪਾਇਆ। ਇਹੀ ਨਹੀਂ, ਕੁਝ ਨੇ ਕੌਮੀ ਜੰਗੀ ਯਾਦਗਾਰ ਨੇੜੇ ਪੇਸ਼ਾਬ ਤੱਕ ਕਰ ਦਿੱਤਾ। ਕੁਝ ਮੁਜ਼ਾਹਰਾਕਾਰੀਆਂ ਨੇ ਹੱਥਾਂ ਵਿੱਚ ਚਿੰਨ੍ਹ ਤੇ ਝੰਡੇ ਫੜੇ ਹੋਏ ਸਨ ਜਿਨ੍ਹਾਂ ’ਤੇ ਸਵਾਸਤਿਕ ਦੇ ਚਿੰਨ੍ਹ ਬਣੇ ਸਨ। ਕੈਨੇਡਾ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਮਹਾਮਾਰੀ ਖ਼ਿਲਾਫ਼ ਕੀਤੇ ਮੁਜ਼ਾਹਰੇ ਦੌਰਾਨ ਇਨ੍ਹਾਂ ਮੁਜ਼ਾਹਰਾਕਾਰੀਆਂ ਨਾਲ ਘੱਟ ਹੀ ਲੋਕਾਂ ਦੀ ਹਮਦਰਦੀ ਹੈ ਕਿਉਂਕਿ ਮੁਲਕ ਵਿੱਚ 80 ਫ਼ੀਸਦੀ ਤੋਂ ਵੱਧ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਟਾਵਾ ਦੇ ਇਨ੍ਹਾਂ ਮੁਜ਼ਾਹਰਾਕਾਰੀਆਂ ਨੂੰ ਘੱਟ ਗਿਣਤੀ ਦੱਸਿਆ ਤੇ ਕਿਹਾ ਕਿ ਇਨ੍ਹਾਂ ’ਚ ਇਸ ਮਹਾਮਾਰੀ ਬਾਰੇ ਜਾਣਕਾਰੀ ਦੀ ਵੱਡੇ ਪੱਧਰ ’ਤੇ ਘਾਟ ਦਿਖਾਈ ਦੇ ਰਹੀ ਹੈ। ਇਸ ਦੌਰਾਨ ਅੱਜ ਵੀ ਕੁਝ ਮੁਜ਼ਾਹਰਾਕਾਰੀ ਸੜਕਾਂ ’ਤੇ ਵਿਰੋਧ ਪ੍ਰਗਟਾਉਂਦੇ ਨਜ਼ਰ ਆਏ। -ਏਪੀ