ਬੈਂਕਾਕ (ਥਾਈਲੈਂਡ), 9 ਦਸੰਬਰ
ਮਿਆਂਮਾਰ ਦੇ ਉੱਤਰ-ਪੱਛਮੀ ਇਲਾਕੇ ਅੰਦਰ ਸਰਕਾਰੀ ਸੈਨਿਕਾਂ ਵੱਲੋਂ ਫੜੇ ਗਏ 11 ਦਿਹਾਤੀ ਲੋਕਾਂ ਦੀ ਕਥਿਤ ਤੌਰ ’ਤੇ ਹੱਤਿਆ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਅੱਜ ਸੋਸ਼ਲ ਮੀਡੀਆ ’ਤੇ ਰੋਸ ਦੀ ਲਹਿਰ ਫੈਲ ਗਈ।
ਸਾਗੈਂਗ ਇਲਾਕੇ ਦੇ ਪਿੰਡ ਡਨ ਤਾਅ ਵਿੱਚ ਸੜੀਆਂ ਹੋਈਆਂ ਲਾਸ਼ਾਂ ਦੀਆਂ ਤਸਵੀਰਾਂ ਅਤੇ ਇੱਕ ਵੀਡੀਓ ਮੰਗਲਵਾਰ ਨੂੰ ਵੱਡੇ ਪੱਧਰ ’ਤੇ ਵਾਇਰਲ ਹੋਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਵਿਅਕਤੀਆਂ ਨੂੰ ਮਾਰੇ ਜਾਣ ਅਤੇ ਉਨ੍ਹਾਂ ਦੀਆਂ ਲਾਸ਼ਾਂ ਸਾੜੇ ਜਾਣ ਤੋਂ ਤੁਰੰਤ ਬਾਅਦ ਉਥੋਂ ਲਿਜਾਇਆ ਗਿਆ।
ਇਸ ਸਮੱਗਰੀ ਦੀ ਹਾਲੇ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ। ‘ਦਿ ਐਸੋਸੀਏਟਿਡ ਪ੍ਰੈੱਸ’ (ਏਪੀ) ਨੂੰ ਇੱਕ ਵਿਅਕਤੀ ਵੱਲੋਂ ਇੱਕ ਖਾਤਾ (ਅਕਾਂਊਂਟ) ਦਿੱਤਾ ਗਿਆ ਹੈ, ਜਿਸ ਨੇ ਕਿਹਾ ਹੈ ਕਿ ਉਹ ਘਟਨਾ ਸਥਾਨ ’ਤੇ ਗਿਆ ਸੀ। ਉਸ ਵੱਲੋਂ ਦਿੱਤੀ ਜਾਣਕਾਰੀ ਮਿਆਂਮਾਰ ਦੇ ਸੁਤੰਤਰ ਮੀਡੀਆ ਵੱਲੋਂ ਘਟਨਾ ਸਬੰਧੀ ਦਿੱਤੀ ਗਈ ਜਾਣਕਾਰੀ ਨਾਲ ਮੇਲ ਖਾਂਦੀ ਹੈ। ਇਨ੍ਹਾਂ ਦੋਸ਼ਾਂ ਸਬੰਧੀ ਸਰਕਾਰ ਵੱਲੋਂ ਹਾਲੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਫੌਜ ਵੱਲੋਂ ਫਰਵਰੀ ਮਹੀਨੇ ਆਂਗ ਸਾਂ ਸੂ ਕੀ ਅਗਵਾਈ ਵਾਲੀ ਸਰਕਾਰ ਦਾ ਤਖ਼ਤਾ ਪਲਟ ਕਰਨ ਮਗਰੋਂ ਵਿਦਰੋਹ ਕਰ ਰਹੇ ਲੋਕਾਂ ’ਤੇ ਜਬਰ ਕੀਤਾ ਜਾ ਰਿਹਾ ਹੈ। ਇੱਕ ਗਵਾਹ ਨੇ ਏਪੀ ਨੂੰ ਦੱਸਿਆ ਕਿ ਲਗਪਗ 50 ਸੈਨਿਕ ਮੰਗਲਵਾਰ ਸਵੇਰੇ 11 ਕੁ ਵਜੇ ਡਨ ਤਾਅ ਵਿੱਚ ਆਏ। ਗਵਾਹ, ਜੋ ਕਿ ਖ਼ੁਦ ਨੂੰ ਕਿਸਾਨ ਅਤੇ ਕਾਰਕੁਨ ਦੱਸਦਾ ਹੈ, ਨੇ ਆਪਣੀ ਸੁਰੱਖਿਆ ਲਈ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ, ‘ਉਨ੍ਹਾਂ ਨੇ 11 ਨਿਰਦੋਸ਼ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ।’’
ਉਸ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਲੋਕ ਸਥਾਨਕ ਪੀਪਲਜ਼ ਡਿਫ਼ੈਂਸ ਫੋਰਸ ਸੰਸਥਾ ਦੇ ਮੈਂਬਰ ਨਹੀਂ ਸਨ। ਉਸ ਮੁਤਾਬਕ ਫੜੇ ਗਏ ਲੋਕਾਂ ਦੇ ਹੱਥ ਪਿੱਛੇ ਬੰਨ੍ਹ ਕੇ ਉਨ੍ਹਾਂ ਨੂੰ ਅੱਗ ਲਾ ਦਿੱਤੀ ਗਈ। ਉਸ ਨੇ ਸੈਨਿਕਾਂ ਵੱਲੋਂ ਇਹ ਹਮਲਾ ਕੀਤੇ ਜਾਣ ਦਾ ਕਾਰਨ ਨਹੀਂ ਦੱਸਿਆ। ਹਾਲਾਂਕਿ ਕੁਝ ਹੋਰ ਗਵਾਹਾਂ ਨੇ ਮਿਆਂਮਾਰ ਦੇ ਮੀਡੀਆ ਨੂੰ ਦੱਸਿਆ ਹੈ ਕਿ ਪੀੜਤ ਡਿਫ਼ੈਂਸ ਫੋਰਸ ਦੇ ਮੈਂਬਰ ਸਨ। -ਏਪੀ
ਸੰਯੁਕਤ ਰਾਸ਼ਟਰ ਵੱਲੋਂ ਘਟਨਾ ਦੀ ਨਿਖੇਧੀ
ਸੰਯੁਕਤ ਰਾਸ਼ਟਰ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ‘11 ਜਣਿਆਂ ਦੀ ਹੱਤਿਆ’ ਦੀਆਂ ਰਿਪੋਰਟਾਂ ’ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਇਸ ਹਿੰਸਕ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰਿਪੋਰਟਾਂ ਮੁੁਤਾਬਕ ਮਾਰੇ ਗਏ 11 ਲੋਕਾਂ ਵਿੱਚ 5 ਬੱਚੇ ਵੀ ਸ਼ਾਮਲ ਸਨ। ਦੁਜਾਰਿਕ ਨੇ ਮਿਆਂਮਾਰ ਦੇ ਫ਼ੌਜੀ ਅਧਿਕਾਰੀਆਂ ਨੂੰ ਕੌਮਾਂਤਰੀ ਨਿਯਮਾਂ ਮੁਤਾਬਕ ਲੋਕਾਂ ਦੀ ਸੁਰੱਖਿਆ ਯਕੀਨ ਬਣਾਉਣ ਦੇ ਉਨ੍ਹਾਂ ਦੇ ਫਰਜ਼ਾਂ ਦੀ ਯਾਦ ਦਿਵਾਈ ਅਤੇ ਕਿਹਾ ਕਿ ‘ਇਸ ਘਿਣਾਉਣੀ ਕਾਰਵਾਈ’ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।