ਬਗ਼ਦਾਦ, 1 ਅਕਤੂਬਰ
ਸੈਂਕੜੇ ਇਰਾਕੀਆਂ ਨੇ ਅੱਜ ਬਗ਼ਦਾਦ ਵਿਚ ਰੋਸ ਮਾਰਚ ਕੀਤਾ। ਇਰਾਕੀ ਰਾਜਧਾਨੀ ਵਿਚ ਪਿਛਲੇ ਦੋ ਸਾਲਾਂ ਤੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਹੋ ਰਹੇ ਹਨ। ਮੁਲਕ ਦੇ ਦੱਖਣੀ ਸੂਬੇ ਸੁਧਾਰਾਂ ਦੀ ਮੰਗ ਕਰ ਰਹੇ ਹਨ। ਕਰੀਬ 1000 ਮੁਜ਼ਾਹਰਾਕਾਰੀਆਂ ਨੇ ਰੋਸ ਮਾਰਚ ਵਿਚ ਹਿੱਸਾ ਲਿਆ। ਉਨ੍ਹਾਂ ਵਿਚੋਂ ਕਈਆਂ ਨੇ ਆਪਣੇ ਕਰੀਬੀ ਰਿਸ਼ਤੇਦਾਰਾਂ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ ਜੋ ਸੁਰੱਖਿਆ ਬਲਾਂ ਹੱਥੋਂ ਮਾਰੇ ਗਏ ਹਨ। ਦੱਸਣਯੋਗ ਹੈ ਕਿ ਇਰਾਕ ਹਫ਼ਤੇ ਤੱਕ ਚੋਣਾਂ ਕਰਵਾਉਣ ਲਈ ਯੋਜਨਾਬੰਦੀ ਕਰ ਰਿਹਾ ਹੈ। ਮੁਜ਼ਾਹਰਾਕਾਰੀ ਅਕਤੂਬਰ 2019 ਤੋਂ ਚੋਣਾਂ ਕਰਵਾਉਣ ਦੀ ਮੰਗ ਕਰ ਰਹੇ ਸਨ। ਰੋਸ ਪ੍ਰਗਟਾਉਣ ਵਾਲੇ ਜ਼ਿਆਦਾਤਰ ਬਗਦਾਦ ਦੇ ਤਹਿਰੀਰ ਚੌਕ ਵਿਚ ਇਕੱਠੇ ਹੁੰਦੇ ਹਨ। ਉਹ ਭ੍ਰਿਸ਼ਟਾਚਾਰ, ਮਾੜੀਆਂ ਸੇਵਾਵਾਂ ਤੇ ਬੇਰੁਜ਼ਗਾਰੀ ਵਿਰੁੱਧ ਨਾਅਰੇ ਲਾਉਂਦੇ ਹਨ। ਹੁਣ ਕਈ 10 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਬਾਈਕਾਟ ਦਾ ਸੱਦਾ ਵੀ ਦੇ ਰਹੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਇਸ ਨਾਲ ਕੁਝ ਨਹੀਂ ਬਦਲੇਗਾ। ਇਰਾਕ ਵਿਚ ਕਈ ਸਮਾਜਿਕ ਕਾਰਕੁਨਾਂ ਤੇ ਖੁੱਲ੍ਹ ਕੇ ਬੋਲਣ ਵਾਲਿਆਂ ਨੂੰ ਮਾਰਿਆ ਵੀ ਗਿਆ ਹੈ ਤੇ ਕਿਸੇ ਦੀ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਗਈ। ਇਸ ਕਾਰਨ ਡਰ ਦਾ ਮਾਹੌਲ ਹੈ ਤੇ ਵੋਟਾਂ ਪਾਉਣ ਤੋਂ ਵੀ ਲੋਕ ਡਰ ਰਹੇ ਹਨ। ਨੌਜਵਾਨ ਇਰਾਕੀ ਮੁਲਕ ਵਿਚ ਵੋਟਰਾਂ ਦਾ ਸਭ ਤੋਂ ਵੱਡਾ ਗਰੁੱਪ ਹਨ। -ਏਪੀ