ਨਿਊਯਾਰਕ, 12 ਜੂਨ
ਭਾਰਤੀ ਮੂਲ ਦੀ ਪੱਤਰਕਾਰ ਮੇਘਾ ਰਾਜਗੋਪਾਲਨ ਤੇ ਦੋ ਹੋਰਾਂ ਨੂੰ ਪੁਲਿਟਜ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਮੇਘਾ ਨੂੰ ਪੱਤਰਕਾਰੀ ਦਾ ਸਰਵਉਚ ਸਨਮਾਨ ਚੀਨ ਦੇ ਝੂਠ ਨੂੰ ਬੇਨਕਾਬ ਕਰਨ ਬਦਲੇ ਦਿੱਤਾ ਗਿਆ ਹੈ। ਮੇਘਾ ਨੇ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਕਿ ਚੀਨ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਤੇ ਮੁਸਲਮਾਨਾਂ ਨੂੰ ਹਿਰਾਸਤੀ ਕੇਂਦਰਾਂ ਵਿਚ ਰੱਖ ਰਿਹਾ ਹੈ ਪਰ ਚੀਨ ਨੇ ਇਨ੍ਹਾਂ ਖ਼ਬਰਾਂ ਤੋਂ ਇਨਕਾਰ ਕੀਤਾ ਸੀ। ਮੇਘਾ ਨੇ ਇਹ ਖਬਰਾਂ ਸੈਟੇਲਾਈਟ ਤਸਵੀਰਾਂ ਦੇ ਵਿਸ਼ਲੇਸ਼ਣ ਦੇ ਆਧਾਰ ’ਤੇ ਪ੍ਰਕਾਸ਼ਿਤ ਕੀਤੀਆਂ ਸਨ। ਮੇਘਾ ਨੇ ਕੌਮਾਂਤਰੀ ਰਿਪੋਰਟਿੰਗ ਵਰਗ ਵਿਚ ਮਿਲੇ ਇਸ ਪੁਰਸਕਾਰ ਨੂੰ ਇੰਟਰਨੈਟ ਮੀਡੀਆ ਬਜ਼ਫੀਡ ਨਿਊਜ਼ ਦੇ ਦੋ ਸਹਿਕਰਮੀਆਂ ਐਲੀਸਨ ਕਿਲਿੰਗ ਤੇ ਕ੍ਰਿਸਟੋ ਬੋਸ਼ੋਕ ਨਾਲ ਸ਼ੇਅਰ ਕੀਤਾ ਹੈ। ਇਨ੍ਹਾਂ ਤਿੰਨਾਂ ਨੇ 260 ਹਿਰਾਸਤੀ ਕੇਂਦਰਾਂ ਦੀ ਪੁਸ਼ਟੀ ਲਈ ਸੈਟੇਲਾਈਟ ਫੋਟੋਆਂ ਤੇ 3ਡੀ ਸਿਮੋਲੇਸ਼ਨ ਦੀ ਵਰਤੋਂ ਕੀਤੀ ਸੀ। ਥਾਂਪਾ ਬੇਅ ਟਾਈਮਜ਼ ਦੀ ਨੀਲ ਬੇਦੀ ਨੇ ਲੋਕਲ ਰਿਪੋਰਟਿੰਗ ਵਿਚ ਪੁਲਿਟਜ਼ਰ ਪੁਰਸਕਾਰ ਹਾਸਲ ਕੀਤਾ।