ਕਾਬੁਲ, 16 ਜੁਲਾਈ
ਖਬਰ ਏਜੰਸੀ ਰਾਇਟਰਜ਼ ਲਈ ਕੰਮ ਕਰਨ ਵਾਲੇ ਪੁਲਿਤਜ਼ਰ ਪੁਸਰਕਾਰ ਜੇਤੂ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਅਫ਼ਗਾਨਿਸਤਾਨ ’ਚ ਲੜਾਈ ਦੀ ਕਵਰੇਜ ਕਰਦਿਆਂ ਮੌਤ ਹੋ ਗਈ। ਘਟਨਾ ਸਮੇਂ ਉਹ ਅਫ਼ਗਾਨ ਦਸਤਿਆਂ ਤੇ ਤਾਲਿਬਾਨ ਦੇ ਅਤਿਵਾਦੀਆਂ ਵਿਚਾਲੇ ਕੰਧਾਰ ’ਚ ਹੋ ਰਹੀ ਲੜਾਈ ਦੀ ਕਵਰੇਜ ਕਰ ਰਿਹਾ ਸੀ। ਭਾਰਤ ’ਚ ਅਫ਼ਗਾਨਿਸਤਾਨ ਦੇ ਰਾਜਦੂਤ ਫਰੀਦ ਮਾਮੁਨਦਜ਼ੇ ਨੇ ਅੱਜ ਟਵੀਟ ਕੀਤਾ, ‘ਲੰਘੀ ਰਾਤ ਕੰਧਾਰ ’ਚ ਮੇਰੇ ਮਿੱਤਰ ਦਾਨਿਸ਼ ਸਿੱਦੀਕੀ ਦੇ ਮਾਰੇ ਜਾਣ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਪੁਲਿਤਜ਼ਰ ਪੁਰਸਕਾਰ ਜੇਤੂ ਭਾਰਤੀ ਪੱਤਰਕਾਰ ਅਫ਼ਗਾਨ ਸੁਰੱਖਿਆ ਬਲਾਂ ਨਾਲ ਉੱਥੇ ਸੀ।’ ਮਾਮੁਨਦਜ਼ੇ ਨੇ ਕਿਹਾ ਕਿ ਦੋ ਹਫ਼ਤੇ ਪਹਿਲਾਂ ਉਸ ਦੇ ਕਾਬੁਲ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਉਸ ਨਾਲ ਮੁਲਾਕਾਤ ਹੋਈ ਸੀ। ਉਨ੍ਹਾਂ ਪਰਿਵਾਰ ਤੇ ਰਾਇਟਰਜ਼ ਨਾਲ ਹਮਦਰਦੀ ਜ਼ਾਹਿਰ ਕੀਤੀ। ਰਾਇਟਰਜ਼ ਦੇ ਮੁਖੀ ਮਾਈਕਲ ਫਰਾਈਡਨਬਰਗ ਅਤੇ ਐਡੀਟਰ ਇਨ ਚੀਫ ਅਲੈਸੈਂਡਰਾ ਗੈਲੋਨੀ ਨੇ ਕਿਹਾ, ‘ਸਾਨੂੰ ਆਪਣੇ ਫੋਟੋਗ੍ਰਾਫਰ ਦਾਨਿਸ਼ ਸਿੱਦੀਕੀ ਦੀ ਮੌਤ ਦਾ ਬਹੁਤ ਦੁੱਖ ਹੈ। ਅਸੀਂ ਖੇਤਰ ਦੀ ਅਥਾਰਿਟੀ ਨਾਲ ਸੰਪਰਕ ਕਰਕੇ ਵਧੇਰੇ ਜਾਣਕਾਰੀ ਇਕੱਠੀ ਕਰ ਰਹੇ ਹਾਂ।’ ਸਿੱਦੀਕੀ ਦੀ ਉਮਰ 40 ਤੋਂ 45 ਸਾਲ ਵਿਚਾਲੇ ਸੀ। ਸੂਤਰਾਂ ਨੇ ਦੱਸਿਆ ਕਿ ਕੰਧਾਰ ਦੇ ਸਪਿਨ ਬੋਲਡਕ ਜ਼ਿਲ੍ਹੇ ’ਚ ਝੜਪਾਂ ਦੀ ਕਵਰੇਜ ਦੌਰਾਨ ਉਸ ਦੀ ਮੌਤ ਹੋਈ ਹੈ। ਉਹ ਬੀਤੇ ਕੁਝ ਦਿਨਾਂ ਤੋਂ ਕੰਧਾਰ ’ਚ ਹਾਲਾਤ ਦੀ ਕਵਰੇਜ ਕਰ ਰਿਹਾ ਸੀ। ਸਿੱਦੀਕੀ ਮੁੰਬਈ ਦਾ ਰਹਿਣ ਵਾਲਾ ਸੀ। ਉਸ ਨੂੰ ਰਾਇਟਰਜ਼ ਦੇ ਫੋਟੋਗ੍ਰਾਫੀ ਸਟਾਫ਼ ਦੇ ਮੈਂਬਰ ਵਜੋਂ ਪੁਲਿਤਜ਼ਰ ਪੁਰਸਕਾਰ ਮਿਲਿਆ ਸੀ। -ਪੀਟੀਆਈ
ਭਾਰਤ ਸਰਕਾਰ ਤੇ ਪ੍ਰੈੱਸ ਕਲੱਬ ਨੇ ਅਫਸੋਸ ਜਤਾਇਆ
ਨਵੀਂ ਦਿੱਲੀ: ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਭਾਰਤੀ ਫੋਟੋ ਪੱਤਰਕਾਰ ਤੇ ਪੁਲਿਤਜ਼ਰ ਪੁਰਸਕਾਰ ਜੇਤੂ ਦਾਨਿਸ਼ ਸਿੱਦੀਕੀ ਦੀ ਮੌਤ ’ਤੇ ਦੁੱਖ ਜ਼ਾਹਿਰ ਕਰਦਿਆਂ ਉਸ ਦੇ ਕੰਮਾਂ ਨੂੰ ਵਿਲੱਖਣ ਦੱਸਿਆ। ਠਾਕੁਰ ਨੇ ਟਵੀਟ ਕੀਤਾ, ‘ਦਾਨਿਸ਼ ਸਿੱਦੀਕੀ ਨੇ ਆਪਣੇ ਪਿੱਛੇ ਇੱਕ ਵਿਲੱਖਣ ਕੰਮ ਛੱਡਿਆ ਹੈ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।’ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਾਨਿਸ਼ ਸਿੱਦੀਕੀ ਦੀ ਹੱਤਿਆ ’ਤੇ ਅਫ਼ਸੋਸ ਜਤਾਉਂਦਿਆਂ ਕੇਂਦਰ ਨੂੰ ਬੇਨਤੀ ਕੀਤੀ ਹੈ ਕਿ ਉਹ ਫੋਟੋ ਪੱਤਰਕਾਰ ਦੀ ਦੇਹ ਵਤਨ ਲਿਆਉਣ ਦੇ ਫੌਰੀ ਪ੍ਰਬੰਧ ਕਰੇ। ਪ੍ਰੈੱਸ ਕਲੱਬ ਨੇ ਟਵੀਟ ਕੀਤਾ, ‘ਪ੍ਰੈੱਸ ਕਲੱਬ ਆਫ ਇੰਡੀਆ, ਰਾਇਟਰਜ਼ ਦੇ ਪੁਲਿਤਜ਼ਰ ਪੁਰਸਕਾਰ ਜੇਤੂ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਕੰਧਾਰ ’ਚ ਮੌਤ ਤੋਂ ਸਦਮੇ ’ਚ ਹੈ, ਜਿੱਥੇ ਉਨ੍ਹਾਂ ਨੂੰ ਤਾਲਿਬਾਨ ਦੀਆਂ ਗੋਲੀਆਂ ਲੱਗੀਆਂ।’ -ਪੀਟੀਆਈ