ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 16 ਜੁਲਾਈ
ਪੰਜਾਬੀਆਂ ਵਿਚ ਦਾਨੀ ਮੰਨੇ ਜਾਂਦੇ ਵੈਨਕੂਵਰ ਦੇ ਉਘੇ ਕਾਰੋਬਾਰੀ ਡੇਵਿਡ ਸਿੱਧੂ ਨੂੰ ਅਮਰੀਕਾ ਦੀ ਇੱਕ ਅਦਾਲਤ ਨੇ ਤਿੰਨ ਮਹੀਨਿਆਂ ਦੀ ਕੈਦ ਅਤੇ ਢਾਈ ਲੱਖ ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਉਸ ਵਲੋਂ ਅਦਾਲਤ ਵਿਚ ਆਪਣਾ ਗੁਨਾਹ ਮੰਨ ਲਏ ਜਾਣ ਕਾਰਨ ਜੱਜ ਨੇ ਉਸ ਦੀ ਸਜ਼ਾ ਵਿਚ ਕਾਫ਼ੀ ਨਰਮੀ ਵਰਤੀ। ਸਿੱਧੂ ਨੇ ਕੁਝ ਸਾਲ ਪਹਿਲਾਂ ਆਪਣੇ ਦੋ ਪੁੱਤਰਾਂ ਨੂੰ ਅਮਰੀਕਾ ਦੇ ਮੈਡੀਕਲ ਕਾਲਜ ਵਿਚ ਦਾਖ਼ਲਾ ਦਿਵਾਉਣ ਲਈ ਆਪਣੇ ਪੁੱਤਰਾਂ ਦੀ ਥਾਂ ਹੋਰ ਮੁੰਡਿਆਂ ਨੂੰ ਦਾਖ਼ਲਾ ਟੈਸਟ ਵਿੱਚ ਬਿਠਾਊਣ ਦਾ ਯਤਨ ਕੀਤਾ ਸੀ। ਉਸ ਨੇ ਜਾਅਲੀ ਢੰਗ ਨਾਲ ਦਾਖਲਾ ਟੈਸਟ ਪਾਸ ਕਰਾਉਣ ਲਈ ਮੋਟੀ ਰਕਮ ਖਰਚੀ ਸੀ। ਬਾਅਦ ਵਿਚ ਇਸ ਘਪਲੇ ਦਾ ਪਰਦਾਫਾਸ਼ ਹੋ ਗਿਆ। ਉਸ ਦੀ ਗ੍ਰਿਫਤਾਰੀ ਮੌਕੇ ਉਹ ਚਾਰ ਦਿਨ ਪੁਲੀਸ ਹਵਾਲਾਤ ਵਿਚ ਰਿਹਾ ਹੋਣ ਕਾਰਨ ਹੁਣ ਉਸ ਨੂੰ 86 ਦਿਨ ਜੇਲ੍ਹ ਵਿਚ ਕੱਟਣੇ ਪੈਣਗੇ।