ਲਾਹੌਰ: ਪਾਕਿਸਤਾਨ ਅਤੇ ਭਾਰਤ ’ਚ ਮਸ਼ਹੂਰ ਪੰਜਾਬੀ ਲੋਕ ਗਾਇਕ ਸ਼ੌਕਤ ਅਲੀ (78) ਦਾ ਅੱਜ ਲਾਹੌਰ ’ਚ ਦੇਹਾਂਤ ਹੋ ਗਿਆ। ਉਹ ਕਰੀਬ ਇਕ ਮਹੀਨੇ ਤੋਂ ਗੁਰਦੇ ਖ਼ਰਾਬ ਹੋਣ ਕਾਰਨ ਕੰਬਾਈਨਡ ਮਿਲਟਰੀ ਹਸਪਤਾਲ ਦੇ ਆਈਸੀਯੂ ’ਚ ਦਾਖ਼ਲ ਸਨ। ਉਨ੍ਹਾਂ ਦੇ ਲੋਕ ਗੀਤ, ਗਜ਼ਲ ਅਤੇ ਪੰਜਾਬੀ ਗੀਤ ਲੋਕਾਂ ਦੀ ਜ਼ੁਬਾਨ ’ਤੇ ਚੜ੍ਹੇ ਹੋਏ ਸਨ। ਉਨ੍ਹਾਂ 1982 ’ਚ ਭਾਰਤ ’ਚ ਹੋਈਆਂ ਏਸ਼ਿਆਈ ਖੇਡਾਂ ’ਚ ਵੀ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਸੀ। ਉਨ੍ਹਾਂ ਦੇ ਦੇਸ਼ਭਗਤੀ ਦੇ ਗੀਤ ‘ਸਾਥੀਓ ਮੁਜਾਹਿਦੋ ਜਾਗ ਉੱਠਾ ਹੈ ਸਾਰਾ ਵਤਨ’, ਮੇਰਾ ਪੁੱਤਰ ਪਾਕਿਸਤਾਨ ਦਾ ਅਤੇ ਅਪਨਾ ਕਾਯਦ ਏਕ ਹੈ’’ ਕਾਫ਼ੀ ਮਸ਼ਹੂਰ ਹੋਏ ਸਨ। ਉਨ੍ਹਾਂ 1963 ’ਚ ਪੰਜਾਬੀ ਫਿਲਮ ’ਚ ਪਿੱਠਵਰਤੀ ਗਾਇਕ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਮੰਡੀ ਬਹਾਊਦੀਨ ਜ਼ਿਲ੍ਹੇ ਦੇ ਮਲਕਵਾਲ ਦੇ ਸ਼ੌਕਤ ਅਲੀ ਦੇ ਪਰਿਵਾਰ ’ਚ ਤਿੰਨ ਪੁੱਤਰ ਇਮਰਾਨ, ਆਮੀਰ ਅਤੇ ਮੋਹਸਿਨ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਪੁੱਤਰ ਆਮੀਰ ਸ਼ੌਕਤ ਅਲੀ ਨੇ ਵੀਡੀਓ ਪੋਸਟ ਕਰਕੇ ਕਿਹਾ ਸੀ ਕਿ ਉਸ ਦੇ ਪਿਤਾ ਦਾ ਇਲਾਜ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਨਿਰਦੇਸ਼ਾਂ ’ਤੇ ਫ਼ੌਜ ਵੱਲੋਂ ਕੀਤਾ ਜਾ ਰਿਹਾ ਹੈ। ਕੋਵਿਡ-19 ਮਹਾਮਾਰੀ ਕਾਰਨ ਕੋਈ ਸਭਿਆਚਾਰਕ ਸਰਗਰਮੀ ਨਾ ਹੋਣ ਕਰਕੇ ਉਨ੍ਹਾਂ ਦਾ ਹੱਥ ਤੰਗ ਹੋ ਗਿਆ ਸੀ। ਪੁੱਤਰ ਇਮਰਾਨ ਨੇ ਪਿਛਲੇ ਸਾਲ ਸਤੰਬਰ ’ਚ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਸੰਸਥਾਵਾਂ ਨੂੰ ਮਾਲੀ ਇਮਦਾਦ ਦੀ ਅਪੀਲ ਕੀਤੀ ਸੀ। -ਏਜੰਸੀ