ਵਿਨੀਪੈਗ (ਸੁਰਿੰਦਰ ਮਾਵੀ): ਬ੍ਰਿਟਿਸ਼ ਕੋਲੰਬੀਆ ’ਚ ਰਹਿੰਦੇ ਪੰਜਾਬੀ ਬਲਵੀਰ ਸਿੰਘ (59) ਨੂੰ ਵੈਸਟ ਜੈੱਟ ਦੀ ਉਡਾਣ ’ਚ ਗਲਤ ਹਰਕਤਾਂ ਕਾਰਨ ਅਦਾਲਤ ਨੇ ਉਸ ਨੂੰ ਭਾਰਤ ਡਿਪੋਰਟ ਕਰਨ ਦਾ ਹੁਕਮ ਸੁਣਾਇਆ ਹੈ। ਬਲਵੀਰ ਸਿੰਘ ਨੇ 15 ਜੂਨ ਨੂੰ ਵੈਨਕੂਵਰ ਤੋਂ ਟੋਰਾਂਟੋ ਜਾਣ ਵਾਲੀ ਉਡਾਣ ’ਚ ਬਦਤਮੀਜ਼ੀ ਕੀਤੀ ਸੀ ਅਤੇ ਮੂੰਹ ’ਤੇ ਮਾਸਕ ਨਹੀਂ ਬੰਨ੍ਹਿਆ ਹੋਇਆ ਸੀ। ਉਸ ਦੀ ਇਸ ਹਰਕਤ ਕਾਰਨ ਜਹਾਜ਼ ਨੂੰ ਰਸਤੇ ਵਿਚੋਂ ਹੀ ਵਿਨੀਪੈਗ ਮੁੜਨਾ ਪਿਆ ਸੀ। ਉਸ ਨੂੰ ਸਿਗਰਟ ਪੀਣ ਦਾ ਦੋਸ਼ੀ ਵੀ ਪਾਇਆ ਗਿਆ ਹੈ। ਕੌਮਾਂਤਰੀ ਉਡਾਣਾਂ ਨਾ ਚੱਲਣ ਕਾਰਨ ਉਹ ਅਜੇ ਆਪਣੇ ਕਿਸੇ ਰਿਸ਼ਤੇਦਾਰ ਕੋਲ ਰਹੇਗਾ। ਜ਼ਿਕਰਯੋਗ ਹੈ ਕਿ ਬਲਵੀਰ ਸਿੰਘ ਨੂੰ ਅਦਾਲਤ ਨੇ ਪੰਜ ਦਿਨ ਦੀ ਹਿਰਾਸਤ ਦੀ ਸਜ਼ਾ ਵੀ ਸੁਣਾਈ ਸੀ। ਬਲਵੀਰ ਨੇ ਆਪਣੀ ਗ਼ਲਤੀ ਮੰਨ ਕੇ ਮੁਆਫ਼ੀ ਵੀ ਮੰਗੀ ਪਰ ਜੱਜ ਨੇ ਕਿਹਾ ਕਿ ਉਸ ਕਾਰਨ ਬਹੁਤ ਸਾਰੇ ਲੋਕ ਖੱਜਲ-ਖੁਆਰ ਹੋਏ ਹਨ, ਇਸ ਲਈ ਉਸ ਨੂੰ ਡਿਪੋਰਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਾਰਨ 5000 ਡਾਲਰ ਦਾ ਖ਼ਰਚਾ ਵੀ ਅਦਾ ਕਰਨਾ ਪਵੇਗਾ।