ਮਾਸਕੋ, 14 ਸਤੰਬਰ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਹਫ਼ਤੇ ਉਜ਼ਬੇਕਿਸਤਾਨ ਵਿੱਚ ਐੱਸਸੀਓ ਦੇ ਸਿਖਰ ਸੰਮੇਲਨ ਤੋਂ ਇਲਾਵਾ ਏਸ਼ੀਆ ਪ੍ਰਸ਼ਾਂਤ ਖੇਤਰ ਦੀ ਸਥਿਤੀ ਅਤੇ ਸੰਯੁਕਤ ਰਾਸ਼ਟਰ ਤੇ ਜੀ20 ਮੈਂਬਰ ਦੇਸ਼ਾਂ ਵਿਚਾਲੇ ਦੁਵੱਲੇ ਸਹਿਯੋਗ ਦੇ ਮੁੱਦਿਆਂ ’ਤੇ ਚਰਚਾ ਕਰਨਗੇ। ਪੂਤਿਨ ਅਤੇ ਮੋਦੀ 15 ਤੋਂ 16 ਸਤੰਬਰ ਤੱਕ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ ਕੌਂਸਲ ਆਫ ਹੈੱਡਜ਼ ਆਫ ਸਟੇਟ ਦੀ 22ਵੀਂ ਮੀਟਿੰਗ ਵਿੱਚ ਸ਼ਾਮਲ ਹੋਣਗੇ।
ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ‘ਤਾਸ’ ਮੁਤਾਬਕ ਰਾਸ਼ਟਰਪਤੀ ਦੇ ਸਹਾਇਕ ਯੂਰੀ ਉਸ਼ਾਕੋਵ ਨੇ ਕਿਹਾ, ‘‘ਮੋਦੀ ਨਾਲ ਕੌਮਾਂਤਰੀ ਏਜੰਡੇ ’ਤੇ ਵੀ ਗੱਲਬਾਤ ਹੋਵੇਗੀ। ਇਸ ਤੋਂ ਇਲਾਵਾ ਰਣਨੀਤਕ ਸਥਿਰਤਾ, ਏਸ਼ੀਆ ਪ੍ਰਸ਼ਾਂਤ ਖੇਤਰ ਦੀ ਸਥਿਤੀ ਅਤੇ ਵੱਡੀਆਂ ਬਹੁਪੱਖੀ ਸੰਸਥਾਵਾਂ ਜਿਵੇਂ ਸੰਯੁਕਤ ਰਾਸ਼ਟਰ, ਜੀ20 ਅਤੇ ਐੱਸਸੀਓ ਦੇ ਮੈਂਬਰ ਦੇਸ਼ਾਂ ਵਿਚਾਲੇ ਦੁਵੱਲੇ ਸਹਿਯੋਗ ਦੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਜਾਵੇਗੀ।’’ ਉਸ਼ਾਕੋਵ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਹ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਦਸੰਬਰ ਵਿੱਚ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਪ੍ਰਧਾਨਗੀ ਕਰੇਗਾ ਅਤੇ 2023 ਵਿੱਚ ਉਹ ਐੱਸਸੀਓ ਅਤੇ ਜੀ20 ਦੀ ਅਗਵਾਈ ਕਰੇਗਾ।’’ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਹਾਲੇ ਮੋਦੀ ਅਤੇ ਪੂਤਿਨ ਦੀ ਮੁਲਾਕਾਤ ਦੀ ਪੁਸ਼ਟੀ ਨਹੀਂ ਕੀਤੀ ਹੈ। ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦਾ ਐਲਾਨ ਕਰਦਿਆਂ ਮੰਤਰਾਲੇ ਨੇ ਕਿਹਾ ਸੀ ਕਿ ਉਹ ਐੱਸਸੀਓ ਸੰਮੇਲਨ ਤੋਂ ਇਲਾਵਾ ਕੁਝ ਹੋਰ ਮੀਟਿੰਗਾਂ ਵਿੱਚ ਹਿੱਸਾ ਲੈ ਸਕਦੇ ਹਨ। ਦੋਹਾਂ ਆਗੂਆਂ ਨੇ ਪਹਿਲੀ ਜੁਲਾਈ ਨੂੰ ਫੋਨ ’ਤੇ ਗੱਲ ਰਾਹੀਂ ਰਾਸ਼ਟਰਪਤੀ ਪੂਤਿਨ ਦੇ ਦਸੰਬਰ 2021 ਦੇ ਦੌਰੇ ਦੌਰਾਨ ਲਏ ਗਏ ਫੈਸਲਿਆਂ ਸਬੰਧੀ ਗੱਲਬਾਤ ਕੀਤੀ ਸੀ। -ਪੀਟੀਆਈ