ਪੋਕਰੋਵਸਕ, 4 ਜੁਲਾਈ
ਯੂਕਰੇਨੀ ਫ਼ੌਜ ਵੱਲੋਂ ਲਿਸੀਚਾਂਕ ਸ਼ਹਿਰ ਛੱਡਣ ਤੋਂ ਇੱਕ ਦਿਨ ਬਾਅਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਪੂਰਬੀ ਯੂਕਰੇਨ ਵਿੱਚ ਲੁਹਾਂਸਕ ਸੂਬੇ ’ਤੇ ਜਿੱਤ ਦਾ ਐਲਾਨ ਕਰ ਦਿੱਤਾ ਹੈ। ਰੂਸ ਦੇ ਰੱਖਿਆ ਮੰਤਰੀ ਸੇਰਗੇਈ ਸ਼ੋਇਗੂ ਨੇ ਇੱਕ ਮੀਟਿੰਗ ਵਿੱਚ ਪੂਤਿਨ ਨੂੰ ਦੱਸਿਆ ਕਿ ਰੂਸੀ ਫ਼ੌਜ ਨੇ ਲੁਹਾਂਸਕ ’ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਲੁਹਾਂਸਕ ਵਿੱਚ ਯੂਕਰੇਨੀ ਫ਼ੌਜ ਦੇ ਆਖਰੀ ਗੜ੍ਹ ਲਿਸੀਚਾਂਸਕ ਸ਼ਹਿਰ ’ਤੇ ਐਤਵਾਰ ਨੂੰ ਰੂਸ ਦਾ ਕਬਜ਼ਾ ਹੋਣ ਮਗਰੋਂ ‘ਮੁਹਿੰਮ’ ਪੂਰੀ ਹੋ ਗਈ ਹੈ। ਯੂਕਰੇਨ ਦੇ ਇਸ ਅਹਿਮ ਗੜ੍ਹ ’ਤੇ ਕਬਜ਼ਾ ਕਰਨ ਮਗਰੋਂ ਰੂਸੀ ਫ਼ੌਜ ਨੇ ਪੂਰਬੀ ਯੂਕਰੇਨ ਵਿੱਚ ਹਮਲੇ ਤੇਜ਼ ਕਰ ਦਿੱਤੇ ਹਨ। ਲੁਹਾਂਸਕ ਦੇ ਗਵਰਨਰ ਸੇਰਹੀ ਹੈਦਾਈ ਨੇ ਦੱਸਿਆ ਕਿ ਯੂਕਰੇਨੀ ਫ਼ੌਜ ਨੇ ਘੇਰਾਬੰਦੀ ਤੋਂ ਬਚਣ ਲਈ ਲਿਸੀਚਾਂਸਕ ਛੱਡ ਦਿੱਤਾ ਹੈ। ਯੂਕਰੇਨ ਦੇ ਜਨਰਲ ਸਟਾਫ ਨੇ ਕਿਹਾ ਕਿ ਰੂਸੀ ਫ਼ੌਜ ਡੋਨਬਾਸ ਖੇਤਰ ਵਿੱਚ ਸਿਵਰਸਕ, ਫਿਡੋਰਿਵਕਾ ਅਤੇ ਬਖਮਤ ਵੱਲ ਵਧਣ ਦੀ ਕੋਸ਼ਿਸ਼ ਕਰ ਰਹੀ ਸੀ। ਉਨ੍ਹਾਂ ਇੱਥੋਂ ਦੇ ਅਹਿਮ ਸਥਾਨਾਂ ਸਲੋਵਿਆਂਸਕ ਅਤੇ ਕ੍ਰੈਮਾਟੋਰਸਕ ’ਤੇ ਬੰਬਾਰੀ ਵੀ ਕੀਤੀ। ਅੱਜ ਬਰਤਾਨੀਆ ਦੇ ਰੱਖਿਆ ਮੰਤਰਾਲੇ ਨੇ ਯੂਕਰੇਨੀ ਫ਼ੌਜ ਵੱਲੋਂ ਕੀਤੇ ਮੁਲਾਂਕਣ ਨੂੰ ਠੀਕ ਦੱਸਿਆ। ਉਨ੍ਹਾਂ ਕਿਹਾ ਸੀ ਕਿ ਰੂਸੀ ਫ਼ੌਜ ਹੁਣ ਨਿਸ਼ਚਿਤ ਤੌਰ ’ਤੇ ਦੋਨੇਤਸਕ ’ਤੇ ਵੀ ਕਬਜ਼ਾ ਕਰਨਾ ਸ਼ੁਰੂ ਕਰ ਦੇਵੇਗੀ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਬੀਤੀ ਰਾਤ ਇੱਕ ਵੀਡੀਓ ਜਾਰੀ ਕਰਦਿਆਂ ਮੰਨਿਆ ਹੈ ਕਿ ਉਨ੍ਹਾਂ ਦੀ ਫ਼ੌਜ ਵਾਪਸ ਚਲੀ ਗਈ ਹੈ ਪਰ ਅਹਿਦ ਲਿਆ ਕਿ ਉਹ ਲੜਾਈ ਜਾਰੀ ਰੱਖਣਗੇ। -ਏਪੀ