ਸੰਯੁਕਤ ਰਾਸ਼ਟਰ, 29 ਜੂਨ
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ’ਤੇ ਦੋਸ਼ ਲਾਇਆ ਹੈ ਕਿ ਉਹ ‘ਅਤਿਵਾਦੀ’ ਬਣ ਗਿਆ ਹੈ ਅਤੇ ‘ਅਤਿਵਾਦੀ ਮੁਲਕ’ ਦੀ ਅਗਵਾਈ ਕਰ ਰਿਹਾ ਹੈ। ਜ਼ੇਲੈਂਸਕੀ ਨੇ ਅਪੀਲ ਕੀਤੀ ਹੈ ਕਿ ਰੂਸ ਨੂੰ ਸੰਯੁਕਤ ਰਾਸ਼ਟਰ ’ਚੋਂ ਕੱਢਿਆ ਜਾਵੇ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਉਨ੍ਹਾਂ ਯੂਐੱਨ ਨੂੰ ਅਪੀਲ ਕੀਤੀ ਕਿ ਉਹ ਰੂਸ ਵੱਲੋਂ ਯੂਕਰੇਨੀ ਧਰਤੀ ’ਤੇ ਕਬਜ਼ੇ ਦੀ ਜਾਂਚ ਲਈ ਕੌਮਾਂਤਰੀ ਟ੍ਰਿਬਿਊਨਲ ਬਣਾ ਕੇ ਉਸ ਦੀ ਜਵਾਬਦੇਹੀ ਤੈਅ ਕਰੇ। ਜ਼ੇਲੈਂਸਕੀ ਨੇ ਕਿਹਾ,‘‘ਸਾਨੂੰ ਫ਼ੌਰੀ ਹਰ ਸੰਭਵ ਕਾਰਵਾਈ ਕਰਕੇ ਰੂਸ ਨੂੰ ਹੱਤਿਆਵਾਂ ਕਰਨ ਤੋਂ ਰੋਕਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਰੂਸ ਨੂੰ ਨਾ ਰੋਕਿਆ ਗਿਆ ਤਾਂ ਉਸ ਦੀਆਂ ‘ਦਹਿਸ਼ਤੀ ਸਰਗਰਮੀਆਂ’ ਹੋਰ ਯੂਰੋਪੀਅਨ ਮੁਲਕਾਂ ਅਤੇ ਏਸ਼ੀਆ ਤੱਕ ਫੈਲ ਜਾਣਗੀਆਂ। ਯੂਕਰੇਨੀ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਚਾਰਟਰ ਦੀ ਧਾਰਾ 6 ਦਾ ਹਵਾਲਾ ਦਿੰਦਿਆਂ ਦਿੱਤਾ, ਜਿਸ ਮੁਤਾਬਕ ਜੇਕਰ ਕੋਈ ਮੈਂਬਰ ਮੁਲਕ ਲਗਾਤਾਰ ਚਾਰਟਰ ਦੇ ਸਿਧਾਂਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਆਮ ਸਭਾ ਵੱਲੋਂ ਸੁਰੱਖਿਆ ਕੌਂਸਲ ਦੀ ਸਿਫ਼ਾਰਿਸ਼ ’ਤੇ ਜਥੇਬੰਦੀ ’ਚੋਂ ਕੱਢਿਆ ਜਾ ਸਕਦਾ ਹੈ। ਉਂਜ ਰੂਸ ਨੂੰ ਸੰਯੁਕਤ ਰਾਸ਼ਟਰ ’ਚੋਂ ਕੱਢਣਾ ਅਸੰਭਵ ਹੈ ਕਿਉਂਕਿ ਕੌਂਸਲ ਦਾ ਪੱਕਾ ਮੈਂਬਰ ਹੋਣ ਕਾਰਨ ਰੂਸ ਆਪਣੇ ਖ਼ਿਲਾਫ਼ ਕਿਸੇ ਵੀ ਕੋਸ਼ਿਸ਼ ਨੂੰ ਵੀਟੋ ਕਰ ਸਕਦਾ ਹੈ। -ਏਪੀ