ਵਾਸ਼ਿੰਗਟਨ, 2 ਮਾਰਚ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਪਹਿਲੇ ਸਟੇਟ ਆਫ ਯੂਨੀਅਨ ਸੰਬੋਧਨ ਵਿੱਚ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ’ਤੇ ਯੂਕਰੇਨ ਵਿਰੁੱਧ ‘ਯੋਜਨਾਬੱਧ ਅਤੇ ਬਿਨਾਂ ਭੜਕਾਹਟ’ ਜੰਗ ਛੇੜਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਮਰੀਕਾ ਉਨ੍ਹਾਂ ਵੱਲੋਂ ਪੇਸ਼ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਰਾਸ਼ਟਰਪਤੀ ਨੇ ਕਿਹਾ, ‘ਪੂਤਿਨ ਦੀ ਜੰਗ ਯੋਜਨਾਬੱਧ ਅਤੇ ਬਿਨਾਂ ਭੜਕਾਹਟ ਤੋਂ ਹੈ। ਉਨ੍ਹਾਂ ਕੂਟਨੀਤੀ ਦੀਆਂ ਕੋਸ਼ਿਸ਼ਾਂ ਨੂੰ ਰੱਦ ਕਰ ਦਿੱਤਾ। ਉਨ੍ਹਾਂ ਨੇ ਸੋਚਿਆ ਕਿ ਪੱਛਮੀ ਦੇਸ਼ ਅਤੇ ਨਾਟੋ ਜਵਾਬ ਨਹੀਂ ਦੇਣਗੇ। ਉਨ੍ਹਾਂ ਨੇ ਸੋਚਿਆ ਕਿ ਉਹ ਸਾਨੂੰ ਆਪਣੇ ਘਰ ਵਿਚ ਹੀ ਵੰਡ ਸਕਦੇ ਹਨ। ਪੂਤਿਨ ਗਲਤ ਸੀ, ਅਸੀਂ ਤਿਆਰ ਹਾਂ।’ਬਾਇਡਨ ਨੇ ਕਿਹਾ, ‘ਸਾਡੇ ਇਤਿਹਾਸ ਤੋਂ ਅਸੀਂ ਜੋ ਸਬਕ ਸਿੱਖਿਆ ਹੈ ਉਹ ਇਹ ਹੈ ਕਿ ਜਦੋਂ ਤਾਨਾਸ਼ਾਹ ਆਪਣੇ ਹਮਲੇ ਦੀ ਕੀਮਤ ਨਹੀਂ ਅਦਾ ਕਰਦੇ ਹਨ, ਤਾਂ ਉਹ ਵਧੇਰੇ ਬਦਅਮਨੀ ਫੈਲਾਉਂਦੇ ਹਨ। ਉਹ ਅੱਗੇ ਵਧਦੇ ਰਹਿੰਦੇ ਹਨ ਅਤੇ ਅਮਰੀਕਾ ਅਤੇ ਦੁਨੀਆ ਲਈ ਖ਼ਤਰਾ ਵਧਦਾ ਹੈ।’ ਪੂਤਿਨ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ,‘ਇਸ ਲਈ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ‘ਚ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦਾ ਗਠਨ ਕੀਤਾ ਗਿਆ ਸੀ। ਅਮਰੀਕਾ ਸਮੇਤ 29 ਹੋਰ ਦੇਸ਼ ਇਸ ਦੇ ਮੈਂਬਰ ਹਨ। ਅਮਰੀਕੀ ਕੂਟਨੀਤੀ ਮਾਇਨੇ ਰੱਖਦੀ ਹੈ।’