ਮਾਸਕੋ, 10 ਮਈ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਮਿਖਾਈਲ ਮਿਸ਼ੂਸਤਿਨ ਨੂੰ ਦੇਸ਼ ਦਾ ਮੁੜ ਪ੍ਰਧਾਨ ਮੰਤਰੀ ਥਾਪਿਆ ਹੈ। ਉਨ੍ਹਾਂ ਦੇ ਨਾਮ ਨੂੰ ਮਨਜ਼ੂਰੀ ਲਈ ਸੰਸਦ ਦੇ ਹੇਠਲੇ ਸਦਨ ਕੋਲ ਭੇਜਿਆ ਗਿਆ ਹੈ। ਰੂਸੀ ਕਾਨੂੰਨ ਮੁਤਾਬਕ ਮਿਸ਼ੂਸਤਿਨ (58) ਨੇ ਮੰਗਲਵਾਰ ਨੂੰ ਉਸ ਸਮੇਂ ਆਪਣੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਂਪਿਆ ਸੀ ਜਦੋਂ ਪੂਤਿਨ ਨੇ ਰਾਸ਼ਟਰਪਤੀ ਵਜੋਂ ਆਪਣਾ ਪੰਜਵਾਂ ਕਾਰਜਕਾਲ ਸ਼ੁਰੂ ਕੀਤਾ ਸੀ। ਸਿਆਸੀ ਹਲਕਿਆਂ ਮੁਤਾਬਕ ਪੂਤਿਨ ਨੂੰ ਮਿਸ਼ੂਸਤਿਨ ਦੇ ਕੰਮ ਕਰਨ ਦਾ ਤਰੀਕਾ ਅਤੇ ਸੁਰਖੀਆਂ ਤੋਂ ਦੂਰੀ ਬਣਾ ਕੇ ਰੱਖਣਾ ਪਸੰਦ ਹੈ। ਰੂਸੀ ਟੈਕਸ ਸੇਵਾ ਦੇ ਸਾਬਕਾ ਮੁਖੀ ਮਿਸ਼ੂਸਤਿਨ ਆਪਣੇ ਪਿਛਲੇ ਕਾਰਜਕਾਲ ਦੌਰਾਨ ਸਿਆਸੀ ਬਿਆਨਬਾਜ਼ੀਆਂ ਤੋਂ ਦੂਰ ਰਹੇ। -ਏਪੀ