ਮਾਸਕੋ, 9 ਮਈ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਮੁਲਕਾਂ ਦੀਆਂ ਨੀਤੀਆਂ ਦੇ ਜਵਾਬ ’ਚ ਮਜਬੂਰੀ ਕਾਰਨ ਉਨ੍ਹਾਂ ਨੂੰ ਯੂਕਰੇਨ ’ਚ ਫ਼ੌਜੀ ਕਾਰਵਾਈ ਕਰਨੀ ਪਈ ਹੈ। ਦੂਜੀ ਵਿਸ਼ਵ ਜੰਗ ’ਚ ਨਾਜ਼ੀਆਂ ’ਤੇ ਜਿੱਤ ਦੇ ਜ਼ਸਨ ਦੀ ਪਰੇਡ ਦੌਰਾਨ ਆਪਣੇ ਸੰਬੋਧਨ ’ਚ ਪੂਤਿਨ ਨੇ ਯੂਕਰੇਨ ’ਚ ਰੂਸੀ ਫ਼ੌਜ ਦੀ ਕਾਰਵਾਈ ਦੀ ਤੁਲਨਾ ਨਾਜ਼ੀਆਂ ਨਾਲ ਹੋਈ ਜੰਗ ਨਾਲ ਕੀਤੀ। ਵਿਜੈ ਦਿਵਸ ਪਰੇਡ ਦੌਰਾਨ ਰੂਸ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਪੂਤਿਨ ਨੇ ਪੱਛਮੀ ਮੁਲਕਾਂ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਸੁਰੱਖਿਆ ਗਾਰੰਟੀ ਬਾਰੇ ਰੂਸੀ ਮੰਗਾਂ ਅਤੇ ਨਾਟੋ ’ਚ ਵਿਸਥਾਰ ਨਾ ਕਰਨ ਦੀ ਅਪੀਲ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮਾਸਕੋ ਕੋਲ ਹੋਰ ਕੋਈ ਬਦਲ ਨਾ ਹੋਣ ਕਾਰਨ ਯੂਕਰੇਨ ’ਚ ਕਾਰਵਾਈ ਕਰਨੀ ਪਈ। ਉਨ੍ਹਾਂ ਯੂਕਰੇਨ ਜੰਗ ’ਚ ਸ਼ਹੀਦ ਹੋਣ ਵਾਲੇ ਰੂਸੀ ਫ਼ੌਜੀਆਂ ਦੀ ਯਾਦ ’ਚ ਇਕ ਮਿੰਟ ਦਾ ਮੌਨ ਵੀ ਧਾਰਿਆ। ਪੂਤਿਨ ਨੇ ਦਾਅਵਾ ਕੀਤਾ ਕਿ ਰੂਸੀ ਫ਼ੌਜ ਯੂਕਰੇਨ ’ਚ ਆਪਣੇ ਮੁਲਕ ਦੀ ਸੁਰੱਖਿਆ ਲਈ ਲੜ ਰਹੀ ਹੈ ਅਤੇ ਪਰੇਡ ’ਚ ਸ਼ਾਮਲ ਕੁਝ ਜਵਾਨ ਪਹਿਲਾਂ ਯੂਕਰੇਨ ’ਚ ਜੰਗ ਲੜ ਚੁੱਕੇ ਹਨ।
ਉਧਰ ਯੂਕਰੇਨ ਨੇ ਦੋਸ਼ ਲਾਇਆ ਕਿ ਰੂਸ ਨੇ ਆਪਣੇ ਕਬਜ਼ੇ ਵਾਲੇ ਜ਼ਾਪੋਰਿਜ਼ਜ਼ੀਆ ’ਚ ਲੋਕਾਂ ਦੇ ਨਿੱਜੀ ਦਸਤਾਵੇਜ਼ ਕਬਜ਼ੇ ’ਚ ਲੈਣੇ ਸ਼ੁਰੂ ਕਰ ਦਿੱਤੇ ਹਨ। ਯੂਕਰੇਨੀ ਫ਼ੌਜ ਨੇ ਇਹ ਚਿਤਾਵਨੀ ਦਿੱਤੀ ਹੈ ਕਿ ਰੂਸ ਨੇ ਬੇਗੋਰੋਡ ਖ਼ਿੱਤੇ ’ਚ 19ਵੀਂ ਬਟਾਲੀਅਨ ਟੈਕਟੀਕਲ ਗਰੁੱਪ ਨੂੰ ਤਿਆਰ ਰੱਖਿਆ ਹੋਇਆ ਹੈ। ਇਸ ਗਰੁੱਪ ’ਚ 15,200 ਜਵਾਨ ਟੈਕਾਂ, ਮਿਜ਼ਾਈਲਾਂ ਅਤੇ ਹੋਰ ਹਥਿਆਰਾਂ ਨਾਲ ਲੈਸ ਹਨ। ਮਾਰੀਓਪੋਲ ’ਚੋਂ 170 ਤੋਂ ਜ਼ਿਆਦਾ ਵਿਅਕਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਹੁਣ ਤੱਕ ਸੰਯੁਕਤ ਰਾਸ਼ਟਰ ਦੀ ਮਾਨਵੀ ਸੁਰੱਖਿਆ ਬਾਰੇ ਟੀਮ ਵੱਲੋਂ 600 ਤੋਂ ਜ਼ਿਆਦਾ ਲੋਕਾਂ ਨੂੰ ਮਾਰੀਓਪੋਲ ਇਲਾਕੇ ’ਚੋਂ ਕੱਢਿਆ ਜਾ ਚੁੱਕਿਆ ਹੈ। -ਏਪੀ
ਜੀ-7 ਮੁਲਕਾਂ ਦੇ ਆਗੂਆਂ ਵੱਲੋਂ ਰੂਸੀ ਤੇਲ ’ਤੇ ਪਾਬੰਦੀ ਦਾ ਅਹਿਦ
ਕੀਵ: ਜੀ-7 ਮੁਲਕਾਂ ਦੇ ਆਗੂਆਂ ਨੇ ਅਹਿਦ ਲਿਆ ਹੈ ਕਿ ਉਹ ਰੂਸੀ ਤੇਲ ’ਤੇ ਆਪਣੇ-ਆਪਣੇ ਮੁਲਕਾਂ ’ਚ ਪਾਬੰਦੀ ਲਗਾਉਣਗੇ। ਇਨ੍ਹਾਂ ਆਗੂਆਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਆਨਲਾਈਨ ਮੁਲਾਕਾਤ ਕਰਕੇ ਜੰਗ ’ਚ ਪੂਰੀ ਸਹਾਇਤਾ ਦੇਣ ਦਾ ਵਾਅਦਾ ਕੀਤਾ। ਜੀ-7 ਮੁਲਕਾਂ ’ਚ ਅਮਰੀਕਾ, ਬ੍ਰਿਟੇਨ, ਕੈਨੇਡਾ, ਜਰਮਨੀ, ਫਰਾਂਸ, ਇਟਲੀ ਅਤੇ ਜਾਪਾਨ ਸ਼ਾਮਲ ਹਨ। ਇਨ੍ਹਾਂ ਮੁਲਕਾਂ ਨੇ ਕਿਹਾ ਕਿ ਰੂਸੀ ਤੇਲ ਸਪਲਾਈ ’ਤੇ ਪਾਬੰਦੀ ਨਾਲ ਪੂਤਿਨ ਦੀ ਆਰਥਿਕਤਾ ਨੂੰ ਝਟਕਾ ਲੱਗੇਗਾ ਅਤੇ ਜੰਗ ਲਈ ਮਾਲਿਆ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਰੂਸੀ ਤੇਲ ’ਤੇ ਪਾਬੰਦੀ ਹੋਰ ਬਦਲਵੀਂ ਸਪਲਾਈ ਦਾ ਪ੍ਰਬੰਧ ਕੀਤੇ ਜਾਣ ਮਗਰੋਂ ਲਗਾਈ ਜਾਵੇਗੀ। ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਵੀ ਹੌਲੀ-ਹੌਲੀ ਰੂਸ ਤੋਂ ਤੇਲ ਮੰਗਵਾਉਣਾ ਬੰਦ ਕਰ ਦੇਵੇਗਾ। ਆਗੂਆਂ ਨੇ ਇਸ ਗੱਲ ’ਤੇ ਇਕਜੁੱਟਤਾ ਪ੍ਰਗਟਾਈ ਕਿ ਪੂਤਿਨ ਨੂੰ ਜੰਗ ’ਚ ਨਹੀਂ ਜਿੱਤਣਾ ਚਾਹੀਦਾ ਹੈ। ਉਨ੍ਹਾਂ ਦੂਜੀ ਵਿਸ਼ਵ ਜੰਗ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਯੂਕਰੇਨ, ਯੂਰੋਪ ਅਤੇ ਆਲਮੀ ਭਾਈਚਾਰੇ ਦੇ ਲੋਕਾਂ ਲਈ ਉਹ ਜੰਗ ਲੜਦੇ ਰਹਿਣਗੇ। -ਏਪੀ
ਯੂਕਰੇਨ ਛੇਤੀ ਵਿਜੈ ਦਿਵਸ ਮਨਾਏਗਾ: ਜ਼ੇਲੈਂਸਕੀ
ਕੀਵ: ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਯੂਕਰੇਨ ਛੇਤੀ ਹੀ ਦੋ ਵਿਜੈ ਦਿਵਸ ਮਨਾਏਗਾ। ਇਕ ਵੀਡੀਓ ਸੁਨੇਹੇ ’ਚ ਉਨ੍ਹਾਂ ਕਿਹਾ,‘‘ਅਸੀਂ ਇਹ ਨਹੀਂ ਭੁੱਲ ਸਕਦੇ ਹਾਂ ਕਿ ਸਾਡੇ ਪੁਰਖਿਆਂ ਨੇ ਦੂਜੀ ਵਿਸ਼ਵ ਜੰਗ ’ਚ ਜਿੱਤ ਹਾਸਲ ਕੀਤੀ ਸੀ ਜਿਸ ’ਚ 80 ਲੱਖ ਤੋਂ ਜ਼ਿਆਦਾ ਯੂਕਰੇਨੀ ਮਾਰੇ ਗਏ ਸਨ। ਹਰ ਪੰਜਵਾਂ ਯੂਕਰੇਨੀ ਘਰ ਨਹੀਂ ਪਰਤਿਆ ਸੀ। ਕੁੱਲ ਮਿਲਾ ਕੇ ਜੰਗ ’ਚ ਪੰਜ ਕਰੋੜ ਜਾਨਾਂ ਗਈਆਂ ਸਨ।’’ ਜ਼ੇਲੈਂਸਕੀ ਨੇ ਕਿਹਾ ਕਿ ਅਸੀਂ ਨਹੀਂ ਆਖਦੇ ਕਿ ਅਸੀਂ ਦੁਹਰਾਅ ਨਹੀਂ ਸਕਦੇ ਹਾਂ। ਉਨ੍ਹਾਂ ਕਿਹਾ ਕਿ ਯੂਕਰੇਨ ’ਚ ਛੇਤੀ ਹੀ ਦੋ ਵਿਜੈ ਦਿਵਸ ਹੋਣਗੇ। ਯੂਕਰੇਨ ਖ਼ਿਲਾਫ਼ ਰੂਸੀ ਜੰਗ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਜਿੱਤੇ ਸਨ ਅਤੇ ਹੁਣ ਵੀ ਜਿੱਤਣਗੇ। -ਏਪੀ