ਵਾਸ਼ਿੰਗਟਨ, 18 ਸਤੰਬਰ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਯੂਕਰੇਨ ’ਚ ਮਿਲੇ ਝਟਕਿਆਂ ਮਗਰੋਂ ਉਥੇ ਪਰਮਾਣੂ ਜਾਂ ਰਸਾਇਣਕ ਹਥਿਆਰਾਂ ਦੀ ਵਰਤੋਂ ਨਾ ਕਰੇ। ਸੀਬੀਐੱਸ ਨਿਊਜ਼ ਨੂੰ ਦਿੱਤੇ ਇੰਟਰਵਿਊ ’ਚ ਬਾਇਡਨ ਨੇ ਕਿਹਾ ਕਿ ਜੇਕਰ ਪੂਤਿਨ ਨੇ ਮਾਰੂ ਹਥਿਆਰਾਂ ਦੀ ਵਰਤੋਂ ਨੂੰ ਤਰਜੀਹ ਦਿੱਤੀ ਤਾਂ ਇਸ ਨਾਲ ਜੰਗ ਦਾ ਮੁਹਾਂਦਰਾ ਵੀ ਬਦਲ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਇਸ ਦਾ ਜਵਾਬ ਦੇਵੇਗਾ ਪਰ ਉਨ੍ਹਾਂ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਉਂਜ ਰੂਸੀ ਸਰਕਾਰ ਦੇ ਅਧਿਕਾਰੀਆਂ ਨੇ ਪੱਛਮੀ ਮੁਲਕਾਂ ਦੇ ਤੌਖ਼ਲਿਆਂ ਨੂੰ ਨਕਾਰਿਆ ਹੈ।
ਜ਼ਿਕਰਯੋਗ ਹੈ ਕਿ ਯੂਕਰੇਨ ਦੇ ਉੱਤਰ-ਪੂਰਬ ’ਚ ਰੂਸੀ ਫ਼ੌਜਾਂ ਦੇ ਪਿੱਛੇ ਹਟਣ ਮਗਰੋਂ ਪੂਤਿਨ ਦੇਸ਼ ਦੇ ਰਾਸ਼ਟਰਵਾਦੀਆਂ ਦੇ ਦਬਾਅ ਹੇਠ ਹਨ ਕਿ ਇਨ੍ਹਾਂ ਇਲਾਕਿਆਂ ’ਤੇ ਮੁੜ ਕਬਜ਼ੇ ਲਈ ਪੁਖ਼ਤਾ ਕਦਮ ਉਠਾਏ ਜਾਣ। ਉਧਰ ਬ੍ਰਿਟਿਸ਼ ਰੱਖਿਆ ਮੰਤਰਾਲੇ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਵੱਲੋਂ ਯੂਕਰੇਨ ’ਚ ਸ਼ਹਿਰੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਮੰਤਰਾਲੇ ਨੇ ਕਿਹਾ ਕਿ ਪਿਛਲੇ ਸੱਤ ਦਿਨਾਂ ਦੌਰਾਨ ਰੂਸ ਨੇ ਸ਼ਹਿਰੀ ਇਲਾਕਿਆਂ ’ਤੇ ਹਮਲੇ ਵਧਾ ਦਿੱਤੇ ਹਨ। ਮਾਈਕੋਲੇਵ ਸ਼ਹਿਰ ’ਚ ਇਕ ਹਸਪਤਾਲ ’ਤੇ ਰਾਤ ਨੂੰ ਗੋਲਾਬਾਰੀ ਕੀਤੀ ਗਈ। ਖੇਤਰੀ ਗਵਰਨਰ ਵਿਤਾਲੀ ਕਿਮ ਨੇ ਦੱਸਿਆ ਕਿ ਖ਼ਿੱਤੇ ਦੇ ਹੋਰ ਹਿੱਸਿਆਂ ’ਚ ਵੀ ਗੋਲਾਬਾਰੀ ਕੀਤੀ ਗਈ ਹੈ ਜਿਸ ’ਚ ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਨਿਕੋਪੋਲ ’ਚ ਤਿੰਨ ਵਿਅਕਤੀ ਜ਼ਖ਼ਮੀ ਹੋਏ ਹਨ। -ਰਾਇਟਰਜ਼
ਰੂਸੀ ਸਰਹੱਦ ਨੇੜੇ ਅਜੇ ਵੀ ਪਈਆਂ ਨੇ ਲਾਸ਼ਾਂ
ਲੋਪਾਨ (ਯੂਕਰੇਨ): ਰੂਸ ਦੇ ਕਬਜ਼ੇ ਵਾਲੇ ਇਲਾਕੇ ’ਚ ਯੂਕਰੇਨ ਵੱਲੋਂ ਕੀਤੇ ਗਏ ਹਮਲੇ ਮਗਰੋਂ ਉਥੇ ਖੇਤਾਂ ਅਤੇ ਸੜੇ ਹੋਏ ਟੈਂਕਾਂ ਅੰਦਰ ਲਾਸ਼ਾਂ ਪਈਆਂ ਹਨ। ਯੂਕਰੇਨ ਦੇ ਉੱਤਰ-ਪੂਰਬੀ ਇਲਾਕੇ ’ਚ ਰੂਸੀ ਫ਼ੌਜ ਨੂੰ ਯੂਕਰੇਨ ਨੇ ਖਦੇੜ ਦਿੱਤਾ ਹੈ। ਉਥੇ ਯੂਕਰੇਨੀ ਫ਼ੌਜੀ ਆਪਣੇ ਜਵਾਨਾਂ ਦੀਆਂ ਲਾਸ਼ਾਂ ਦੀ ਪਛਾਣ ਕਰ ਰਹੇ ਹਨ। ਰੂਸੀ ਸਰਹੱਦ ਤੋਂ ਮਸਾਂ ਦੋ ਕਿਲੋਮੀਟਰ ਦੀ ਦੂਰੀ ’ਤੇ ਪੈਂਦੇ ਪਿੰਡ ਕੋਜ਼ਾਚਾ ਲੋਪਾਨ ’ਤੇ ਯੂਕਰੇਨੀ ਫ਼ੌਜ ਨੇ 11 ਸਤੰਬਰ ਨੂੰ ਕਬਜ਼ਾ ਕਰ ਲਿਆ ਸੀ।ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਪਿਛਲੇ ਹਫ਼ਤੇ ਰੂਸੀ ਫ਼ੌਜਾਂ ਦੀ ਵਾਪਸੀ ਮਗਰੋਂ ਖ਼ਿੱਤੇ ’ਚ 10 ਤੋਂ ਜ਼ਿਆਦਾ ਅਜਿਹੇ ਤਸੀਹਿਆਂ ਵਾਲੇ ਚੈਂਬਰ ਮਿਲੇ ਹਨ। ਉਂਜ ਇਨ੍ਹਾਂ ਦਾਅਵਿਆਂ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ ਹੈ।