ਜਕਾਰਤਾ, 13 ਦਸੰਬਰ
ਯੂਕਰੇਨ ’ਤੇ ਹਮਲਾ ਨਾ ਕਰਨ ਲਈ ਰੂਸ ਨੂੰ ਚਿਤਾਵਨੀ ਦੇਣ ਦੇ ਕੁਝ ਘੰਟਿਆਂ ਮਗਰੋਂ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅੱਜ ਇੰਡੋਨੇਸ਼ੀਆ ਪਹੁੰਚ ਗਏ। ਇਥੇ ਪੁੱਜ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਨਿਕੋਲੇਅ ਪਤਰੂਸ਼ੇਵ ਵੀ ਜਕਾਰਤਾ ਪਹੁੰਚ ਚੁੱਕਾ ਹੈ। ਉਂਜ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਕੀ ਦੋਵੇਂ ਹਸਤੀਆਂ ਵਿਚਕਾਰ ਕੋਈ ਗੱਲਬਾਤ ਹੋਵੇਗੀ ਜਾਂ ਨਹੀਂ। ਜਕਾਰਤਾ ’ਚ ਰੂਸੀ ਸਫ਼ਾਰਤਖਾਨੇ ਨੇ ਐਲਾਨ ਕੀਤਾ ਕਿ ਪਤਰੂਸ਼ੇਵ ਦੋ ਦਿਨ ਇੰਡੋਨੇਸ਼ੀਆ ਦੀ ਰਾਜਧਾਨੀ ’ਚ ਰਹਿਣਗੇ। ਬਲਿੰਕਨ ਵੱਲੋਂ ਮੰਗਲਵਾਰ ਨੂੰ ਬਾਇਡਨ ਸਰਕਾਰ ਦੀ ਹਿੰਦ-ਪ੍ਰਸ਼ਾਂਤ ਸਾਗਰ ਖ਼ਿੱਤੇ ’ਚ ਰਣਨੀਤੀ ਬਾਰੇ ਭਾਸ਼ਨ ਦਿੱਤਾ ਜਾਵੇਗਾ। ਬਲਿੰਕਨ ਨੇ ਇੰਗਲੈਂਡ ’ਚ ਸੱਤ ਵਿਦੇਸ਼ ਮੰਤਰੀਆਂ ਦੇ ਗਰੁੱਪ ਨਾਲ ਮੀਟਿੰਗ ਕੀਤੀ ਹੈ। -ਏਪੀ
ਸ਼ੀ ਅਤੇ ਪੂਤਿਨ ਵਿਚਕਾਰ ਵਰਚੁਅਲ ਸਿਖਰ ਸੰਮੇਲਨ ਭਲਕੇ
ਪੇਈਚਿੰਗ: ਮਾਸਕੋ ਅਤੇ ਪੱਛਮੀ ਮੁਲਕਾਂ ਵਿਚਕਾਰ ਚੱਲ ਰਹੇ ਤਣਾਅ ਦਰਮਿਆਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਬੁੱਧਵਾਰ ਨੂੰ ਦੁਵੱਲੇ ਸਬੰਧਾਂ ਦੇ ਨਾਲ ਨਾਲ ਕੌਮਾਂਤਰੀ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕਰਨਗੇ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵੈਂਗ ਵੇਨਬਿਨ ਨੇ ਕਿਹਾ ਕਿ ਦੋਵੇਂ ਆਗੂਆਂ ਵਿਚਕਾਰ ਬੁੱਧਵਾਰ ਨੂੰ ਵਰਚੁਅਲ ਮੀਟਿੰਗ ਮਗਰੋਂ ਵੇਰਵੇ ਜਾਰੀ ਕੀਤੇ ਜਾਣਗੇ। -ਏਪੀ