ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 7 ਦਸੰਬਰ
ਪਿਛਲੇ ਦਿਨੀਂ ਭਾਸ਼ਾ ਵਿਭਾਗ ਵਲੋਂ ਐਲਾਨੇ ਗਏ ਸ਼੍ਰੋਮਣੀ ਐਵਾਰਡਾਂ ਉਤੇ ਉਂਗਲਾਂ ਉੱਠਣ ਲੱਗ ਪਈਆਂ ਹਨ। ਲੇਖਕਾਂ ਨੇ ਕਿਹਾ ਕਿ ਵਿਭਾਗ ਅਤੇ ਪੰਜਾਬ ਸਰਕਾਰ ਵਲੋਂ ਜਾਣ-ਬੁੱਝ ਕੇ ਅਜਿਹੇ ਮੌਕੇ ’ਤੇ ਐਲਾਨ ਕੀਤਾ ਹੈ ਤਾਂ ਜੋ ਅਯੋਗ ਲੇਖਕਾਂ ਦੀ ਚੋਣ ਉੱਤੇ ਬਹੁਤੀਆਂ ਉਂਗਲਾਂ ਨਾ ਉੱਠ ਸਕਣ। ਲੇਖਕ ਕੇਵਲ ਸਿੰਘ ਨਿਰਦੋਸ਼ ਨੇ ਦੋਸ਼ ਲਾਇਆ ਕਿ ਕੁਝ ਅਯੋਗ ਲੇਖਕਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਸਰਕਾਰ ਦਾ ਰੱਟੂ ਤੋਤਾ ਬਣਾਉਣ ਦੇ ਯਤਨ ਤਹਿਤ ਚੂਰੀ ਪਰੋਸੀ ਗਈ ਹੈ। ਉਨ੍ਹਾਂ ਇਥੋਂ ਦੇ ਇਕ ਰੇਡੀਓ ’ਤੇ ਬੋਲਦਿਆਂ ਕਿਹਾ ਕਿ ਪੰਜ ਸਾਲਾਂ ਤੋਂ ਅਟਕੇ ਹੋਏ ਐਵਾਰਡਾਂ ਦਾ ਐਲਾਨ ਕਿਸਾਨ ਅੰਦੋਲਨ ਮੌਕੇ ਕਰਨਾ ਮੌਕਾਪ੍ਰਸਤੀ ਹੈ। ਉਨ੍ਹਾਂ ਕਿਹਾ ਕਿ ਕਈ ਵਿਅਕਤੀ ਅਜਿਹੇ ਹਨ ਜਿਨ੍ਹਾਂ ਦੀ ਉਸ ਖੇਤਰ ਵਿਚ ਕੋਈ ਮੱਲ੍ਹ ਤਾਂ ਦੁੂਰ ਦੀ ਗੱਲ ਹੈ ਸਗੋਂ ਅਜੇ ਕੋਈ ਮੁੱਢਲੀ ਪ੍ਰਾਪਤੀ ਵੀ ਨਹੀਂ ਹੈ। ਲੇਖਕਾ ਮਨਜੀਤ ਕੌਰ ਕੰਗ ਵਲੋਂ ਕਰਵਾਏ ਗਏ ਇਸ ਰੇਡੀਓ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਕਈ ਸਰੋਤਿਆਂ ਨੇ ਵਿਭਾਗ ਨੂੰ ਚਿੱਟਾ ਹਾਥੀ ਅਤੇ ਸਰਕਾਰੀ ਹੱਥਠੋਕਾ ਦੱਸਿਆ। ਕੁਝ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦਾ ਧਿਆਨ ਕਿਸਾਨ ਅੰਦੋਲਨ ਤੋਂ ਭਟਕਾਉਣ ਲਈ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਸੁਖਮੰਦਰ ਬਰਾੜ ਨੇ ਕਿਹਾ ਕਿ ਇਨਾਮ ਪੰਜ ਸਾਲ ਤੋਂ ਲਟਕੇ ਪਏ ਸਨ ਪਰ ਕਿਸਾਨ ਅੰਦੋਲਨ ਮੌਕੇ ਇਨ੍ਹਾਂ ਨੂੰ ਐਲਾਨਿਆ ਜਾਣਾ ਚੋਣ ਕਮੇਟੀ ਦੀ ਸਿਆਣਪ ਉਤੇ ਵੀ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ।