ਇਸਲਾਮਾਬਾਦ, 7 ਅਪਰੈਲ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਸਰਗੇਈ ਲੈਵਰੋਵ ਨੇ ਅੱਜ ਊਰਜਾ, ਸੁਰੱਖਿਆ, ਰੱਖਿਆ ਤੇ ਅਤਿਵਾਦ ਦੇ ਟਾਕਰੇ ਸਮੇਤ ਹੋਰ ਕਈ ਖੇਤਰਾਂ ’ਚ ਦੁਵੱਲੇ ਸਹਿਯੋਗ ’ਤੇ ਨਜ਼ਰਸਾਨੀ ਕਰਦਿਆਂ ਚਰਚਾ ਕੀਤੀ। ਕੁਰੈਸ਼ੀ ਨੇ ਦਾਅਵਾ ਕੀਤਾ ਕਿ ਗੱਲਬਾਤ ਦੌਰਾਨ ਕਸ਼ਮੀਰ ਮੁੱਦੇ ’ਤੇ ਵੀ ਗੱਲਬਾਤ ਹੋਈ। ਲੈਵਰੋਵ ਸਾਲ 2012 ਮਗਰੋਂ ਪਾਕਿਸਤਾਨ ਦੀ ਫੇਰੀ ਪਾਉਣ ਵਾਲੇ ਪਹਿਲੇ ਰੂਸੀ ਵਿਦੇਸ਼ ਮੰਤਰੀ ਹਨ। ਕੁਰੈਸ਼ੀ ਨੇ ਆਪਣੇ ਰੂਸੀ ਹਮਰੁਤਬਾ ਨੂੰ ਜੀ ਆਇਆਂ ਆਖਿਆ। ਲੈਵਰੋਵ ਨੇ ਇਸ ਮੌਕੇ ਪਾਕਿ ਵਿਦੇਸ਼ ਮੰਤਰਾਲੇ ਦੇ ਅਹਾਤੇ ’ਚ ਇਕ ਬੂਟਾ ਵੀ ਲਾਇਆ। ਕੁਰੈਸ਼ੀ ਨੇ ਰੂਸੀ ਵਿਦੇਸ਼ ਮੰਤਰੀ ਨਾਲ ਹੋਈ ਗੱਲਬਾਤ ਬਾਰੇ ਦੱਸਦਿਆਂ ਕਿਹਾ, ‘ਅਸੀਂ ਆਰਥਿਕ ਡਿਪਲੋਮੇਸੀ ਦੇ ਪਾਸਾਰ ਦੇ ਵਿਚਾਰ ’ਤੇ ਚਰਚਾ ਕੀਤੀ ਤੇ ਪਾਕਿਸਤਾਨ-ਸਟ੍ਰੀਮ ਗੈਸ ਪਾਈਪਲਾਈਨ ਪ੍ਰਾਜੈਕਟ ਸਮੇਤ ਊਰਜਾ ਖੇਤਰ ’ਚ ਸਹਿਯੋਗ ਵਧਾਉਣ ਬਾਰੇ ਗੱਲਬਾਤ ਕੀਤੀ। -ਪੀਟੀਆਈ