ਟੋਕੀਓ, 12 ਅਗਸਤ
ਜਪਾਨ ਸਰਕਾਰ ਅਤੇ ਹੀਰੋਸ਼ਿਮਾ ਸ਼ਹਿਰ ਨੇ 1945 ਵਿੱਚ ਅਮਰੀਕਾ ਵਲੋਂ ਕੀਤੇ ਪਰਮਾਣੂ ਬੰਬ ਧਮਾਕੇ ਮਗਰੋਂ ਨੇੜਲੇ ਖੇਤਰ ਵਿੱਚ ਹੋਈ ਰੇਡੀਓਧਰਮੀ ‘ਕਾਲੀ ਵਰਖਾ’ ਕਾਰਨ ਪ੍ਰਭਾਵਿਤ ਹੋਣ ਦਰਜਨਾਂ ਲੋਕਾਂ ਨੂੰ ਪ੍ਰਮਾਣਿਤ ਕਰਨ ਦੇ ਅਦਾਲਤੀ ਆਦੇਸ਼ ਨੂੰ ਉਲਟਾਉਣ ਦੀ ਅਪੀਲ ਕੀਤੀ ਹੈ। ਇਹ ਅਪੀਲ ਹੀਰੋਸ਼ਿਮਾ ਦੀ ਜ਼ਿਲ੍ਹਾ ਅਦਾਲਤ ਵਲੋਂ 30 ਜੁਲਾਈ ਨੂੰ ਪਹਿਲੀ ਵਾਰ ‘ਕਾਲੀ ਵਰਖਾ’ ਦੇ ਅਜਿਹੇ ਪੀੜਤਾਂ ਨੂੰ ਮਾਨਤਾ ਦੇਣ ਦੇ ਆਦੇਸ਼ ਮਗਰੋਂ ਕੀਤੀ ਗਈ ਹੈ ਜੋ ਸਰਕਾਰ ਵਲੋਂ ਮੈਡੀਕਲ ਲਾਭ ਦੇਣ ਲਈ ਯੋਗ ਪੀੜਤਾਂ ਬਾਰੇ ਫ਼ੈਸਲਾ ਲੈਣ ਸਬੰਧੀ ਮਿਥੀ ਖੇਤਰੀ ਹੱਦ ਤੋਂ ਬਾਹਰ ਪੈਂਦੇ ਹਨ। ਸਿਹਤ ਮੰਤਰੀ ਕਾਟਸੁਨੋਬੂ ਕਾਟੋ ਨੇ ਕਿਹਾ ਕਿ ਸਰਕਾਰ ਨੇ ਅਪੀਲ ਇਸ ਕਰਕੇ ਕੀਤੀ ਹੈ ਕਿਉਂਕਿ ਜ਼ਿਲ੍ਹਾ ਅਦਾਲਤ ਦਾ ਫ਼ੈਸਲਾ ‘ਲੋੜੀਂਦੇ ਵਿਗਿਆਨਿਕ ਸਬੂਤਾਂ ’ਤੇ ਆਧਾਰਿਤ ਨਹੀਂ ਹੈ।’ ਨਾਲ ਹੀ ਕਾਟੋ ਨੇ ਇਹ ਵੀ ਕਿਹਾ ਕਿ ਸ਼ਹਿਰ ਵਾਸੀਆਂ ਅਤੇ ਅਧਿਕਾਰੀਆਂ ਦੀ ਬੇਨਤੀ ’ਤੇ ਉਨ੍ਹਾਂ ਦੇ ਵਿਭਾਗ ਵਲੋਂ ਹੀਰੋਸ਼ਿਮਾ ਵਿੱਚ ‘ਕਾਲੀ ਵਰਖਾ’ ਜ਼ੋਨ ਦਾ ਦਾਇਰਾ ਵਧਾਉਣ ’ਤੇ ਵਿਚਾਰਨ ਸਬੰਧੀ ਆਪਣੇ ਤੌਰ ’ਤੇ ਵਿਗਿਆਨਿਕ ਢੰਗ ਨਾਲ ਜਾਂਚ ਸ਼ੁਰੂ ਕੀਤੀ ਜਾਵੇਗੀ। ਜ਼ਿਲ੍ਹਾ ਅਦਾਲਤ ਨੇ ਕਿਹਾ ਸੀ ਕਿ ‘ਕਾਲੀ ਵਰਖਾ’ ਜ਼ੋਨ ਤੋਂ ਬਾਹਰ ਪੈਂਦੇ ਖੇਤਰ ਦੇ 84 ਮੁਦਈਆਂ ਨੂੰ ਰੇਡੀਏਸ਼ਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਹੋਈਆਂ ਹਨ, ਜਿਸ ਕਰ ਕੇ ਉਨ੍ਹਾਂ ਨੂੰ ਪਰਮਾਣੂ ਬੰਬ ਧਮਾਕੇ ਦੇ ਪੀੜਤਾਂ ਵਜੋਂ ਪ੍ਰਮਾਣਿਤ ਕੀਤਾ ਜਾਵੇ।
-ਏਪੀ