ਇਸਲਾਮਾਬਾਦ, 23 ਦਸੰਬਰ
ਚੀਨ ਨੇ ਪਾਕਿਸਤਾਨ ਦੀ ਕਮਜ਼ੋਰ ਆਰਥਿਕ ਸਥਿਤੀ ਨੂੰ ਦੇਖਦਿਆਂ ਇਸ ਦੇ ਮੇਨ ਲਾਈਨ-1 (ਐੱਮਐੱਲ-1) ਰੇਲਵੇ ਲਾਈਨ ਪ੍ਰਾਜੈਕਟ ਲਈ ਛੇ ਅਰਬ ਡਾਲਰ ਕਰਜ਼ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਵਾਧੂ ਗਾਰੰਟੀ ਮੰਗੀ ਹੈ। ਇੱਕ ਰਿਪੋਰਟ ਅਨੁਸਾਰ ਚੀਨ ਨੇ ਰੇਲ ਪ੍ਰਾਜੈਕਟ ਲਈ ਵਿੱਤੀ ਰਾਸ਼ੀ ਮੁਹੱਈਆ ਕਰਵਾਉਣ ਲਈ ਵਪਾਰਕ ਤੇ ਰਿਆਇਤੀ, ਦੋਵਾਂ ਤਰ੍ਹਾਂ ਦਾ ਕਰਜ਼ ਦੇਣ ਦੀ ਤਜਵੀਜ਼ ਰੱਖੀ ਹੈ।
‘ਐਕਸਪ੍ਰੈੱਸ ਟ੍ਰਿਬਿਊਨ’ ਅਖ਼ਬਾਰ ਅਨੁਸਾਰ ਦੋ ਦਿਨ ਪਹਿਲਾਂ ਮੇਨ ਲਾਈਨ-1 ਰੇਲਵੇ ਪ੍ਰਾਜੈਕਟ ਲਈ ਸੰਯੁਕਤ ਵਿੱਤੀ ਕਮੇਟੀ ਦੀ ਬੈਠਕ ਵਿੱਚ ਵਾਧੂ ਗਾਰੰਟੀ ਦਾ ਮੁੱਦਾ ਚੁੱਕਿਆ ਗਿਆ ਸੀ। ਬੈਠਕ ਵਿੱਚ ਸ਼ਾਮਲ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਚੀਨ ਨੇ ਗੱਲਬਾਤ ਦੌਰਾਨ ਵਾਧੂ ਗਾਰੰਟੀ ਦਾ ਮੁੱਦਾ ਚੁੱਕਿਆ ਪਰ ਪਾਕਿਸਤਾਨ ਨਾਲ ਸਾਂਝੇ ਕੀਤੇ ਗਏ ਖਰੜੇ ਵਿੱਚ ਇਸ ਨੂੰ ਸ਼ਾਮਲ ਨਹੀਂ ਕੀਤਾ ਗਿਆ। ਦੋਵਾਂ ਦੇਸ਼ਾਂ ਨੇ ਕਾਗਜ਼ਾਂ ’ਤੇ ਹੁਣ ਤਕ ਦਸਤਖ਼ਤ ਨਹੀਂ ਕੀਤੇ। ਇਸ ਪ੍ਰਾਜੈਕਟ ਤਹਿਤ ਪੇਸ਼ਾਵਰ ਤੋਂ ਕਰਾਚੀ ਤਕ 1872 ਕਿਲੋਮੀਟਰ ਰੇਲ ਮਾਰਗ ਨੂੰ ਦੋਹਰਾ ਕੀਤਾ ਜਾਵੇਗਾ ਤੇ ਪਟੜੀਆਂ ਦੀ ਮੁਰੰਮਤ ਕੀਤੀ ਜਾਵੇਗੀ। ਇਹ ਪ੍ਰਾਜੈਕਟ ਚੀਨ-ਪਾਕਿਸਤਾਨ ਆਰਥਿਕ ਲਾਂਘੇ (ਸੀਪੀਈਸੀ) ਦੇ ਦੂਜੇ ਪੜਾਅ ਲਈ ਵੀ ਕਾਫ਼ੀ ਮਹੱਤਵਪੂਰਨ ਹੈ।
ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਨੇ ਜੀ-20 ਦੇਸ਼ਾਂ ਤੋਂ ਕਰਜ਼ ਰਾਹਤ ਦੀ ਅਪੀਲ ਕੀਤੀ ਹੈ। ਇਸੇ ਕਾਰਨ ਦੇਸ਼ ਦੀ ਆਰਥਿਕ ਸਥਿਤੀ ਸਬੰਧੀ ਸਪੱਸ਼ਟਤਾ ਲਈ ਚੀਨ ਨੇ ਵਾਧੂ ਗਾਰੰਟੀ ਦਾ ਮੁੱਦਾ ਚੁੱਕਿਆ ਹੈ।
-ਪੀਟੀਆਈ