ਕਰਾਚੀ, 11 ਜੁਲਾਈ
ਕਰਾਚੀ ਸ਼ਹਿਰ ਦੇ ਸਿੰਧ ਸੂਬੇ ਅਤੇ ਨਾਲ ਲੱਗਦੇ ਬਲੋਚਿਸਤਾਨ ਸੂਬੇ ਵਿੱਚ ਮੋਹਲੇਧਾਰ ਮੀਂਹ ਤੇ ਸੱਜਰੇ ਹੜ੍ਹਾਂ ਕਰਕੇ ਘੱਟੋ-ਘੱਟ 68 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ। ਇਨ੍ਹਾਂ ਵਿੱਚੋਂ ਘੱਟੋ-ਘੱਟ 63 ਮੌਤਾਂ ਬਲੋਚਿਸਤਾਨ ਦੇ ਕੋਇਟਾ, ਬਰਖ਼ਾਨ, ਪਿਸ਼ੀਨ, ਕੋਹਲੂ, ਬੋਲਾਨ, ਲੋਰੇਲਾਈ ਤੇ ਜ਼ੋਬ ਖੇਤਰਾਂ ਵਿਚੋਂ ਰਿਪੋਰਟ ਹੋਈਆਂ ਹਨ ਜਦੋਂਕਿ ਪੰਜ ਮੌਤਾਂ ਕਰਾਚੀ ਵਿੱਚ ਹੋਈਆਂ ਹਨ। ਕਰਾਚੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਤੇ ਈਦ ਉਲ ਜ਼ੁਹਾ ਦੇ ਦੂਜੇ ਦਿਨ ਕਈ ਖੇਤਰਾਂ ਵਿੱਚ ਬਿਜਲੀ ਗੁਲ ਰਹੀ। ਬਲੋਚਿਸਤਾਨ ਦੇ ਗ੍ਰਹਿ ਮੰਤਰੀ ਮੀਰ ਜ਼ਿਆਉੱਲ੍ਹਾ ਲਾਂਗੋਵ ਨੇ ਕਿਹਾ ਕਿ ਕੋਇਟਾ ਵਿੱਚ ਲੋਕਾਂ ਨੇ ਕੁਦਰਤੀ ਨਦੀ ਨਾਲਿਆਂ ਦੇ ਰਾਹ ਵਿੱਚ ਘਰ ਉਸਾਰੇ ਹੋਏ ਸਨ, ਜਿਸ ਕਰ ਕੇ ਮੌਤਾਂ ਦੀ ਗਿਣਤੀ ਵਧੀ ਹੈ। -ਪੀਟੀਆਈ