ਕੁਆਲਾਲੰਪੁਰ, 10 ਜੁਲਾਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਲਈ ਪ੍ਰਧਾਨ ਮੰਤਰੀ ਇਬਰਾਹਿਮ ਦੇ ਸਕਾਰਾਤਮਕ ਰਵੱਈਏ ਦੀ ਸਰਾਹਨਾ ਕੀਤੀ। ਰਾਜਨਾਥ ਸਿੰਘ ਨੇ ਮਲੇਸ਼ੀਆ ਦੇ ਰੱਖਿਆ ਮੰਤਰੀ ਮੁਹੰਮਦ ਹਸਨ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਤਰੀਕਿਆਂ ’ਤੇ ਚਰਚਾ ਕੀਤੀ। ਰੱਖਿਆ ਮੰਤਰੀ ਮਲੇਸ਼ੀਆ ਨਾਲ ਰੱਖਿਆ ਸਬੰਧਾਂ ਨੂੰ ਹੋਰ ਵਧੇਰੇ ਮਜ਼ਬੂਤ ਬਣਾਉਣ ਦੇ ਇਰਾਦੇ ਨਾਲ ਤਿੰਨ ਰੋਜ਼ਾ ਦੌਰੇ ’ਤੇ ਐਤਵਾਰ ਨੂੰ ਕੁਆਲਾਲੰਪੁਰ ਪੁੱਜੇ ਸਨ। ਉਨ੍ਹਾਂ ਟਵੀਟ ਕੀਤਾ, ‘‘ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਕੁਆਲਾਲੰਪੁਰ ਵਿੱਚ ਮੁਲਾਕਾਤ ਕੀਤੀ। ਭਾਰਤ-ਮਲੇਸ਼ੀਆ ਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਉਨ੍ਹਾਂ ਦੇ ਸਾਕਾਰਾਤਮਕ ਰਵੱਈਏ ਅਤੇ ਦਿਲਚਸਪੀ ਦੀ ਸਰਾਹਨਾ ਕਰਦਾ ਹਾਂ।’’ ਰਾਜਨਾਥ ਸਿੰਘ ਨੇ ਇੱਕ ਹੋਰ ਟਵੀਟ ਵਿੱਚ ਕਿਹਾ, ‘‘ਮਲੇਸ਼ੀਆ ਦੇ ਰੱਖਿਆ ਮੰਤਰੀ ਮੁਹੰਮਦ ਹਸਨ ਨਾਲ ਕੁਆਲਾਲੰਪੁਰ ਵਿੱਚ ਅੱਜ ਸ਼ਾਨਦਾਰ ਮੁਲਾਕਾਤ ਹੋਈ। ਅਸੀਂ ਵਿਆਪਕ ਦੁਵੱਲੇ ਰੱਖਿਆ ਸਹਿਯੋਗ ਦੇ ਵੱਖ ਵੱਖ ਪਹਿਲੂਆਂ ਦੀ ਸਮੀਖਿਆ ਕੀਤੀ ਅਤੇ ਭਾਰਤ-ਮਲੇਸ਼ੀਆ ਦੇ ਚੌਥੇ ਦਹਾਕੇ ਲਈ ਸਹਿਯੋਗ ਸਬੰਧੀ ਰਣਨੀਤੀ ’ਤੇ ਵਿਚਾਰ-ਚਰਚਾ ਕੀਤੀ।’’ ਰਾਜਨਾਥ ਸਿੰਘ ਨੇ ਮਲੇਸ਼ੀਆ ਦੇ ਵਿਦੇਸ਼ ਮੰਤਰੀ ਜ਼ੈਂਬਰੀ ਅਬਦੁਲ ਕਾਦਿਰ ਨਾਲ ਵੀ ਮੀਟਿੰਗ ਕੀਤੀ ਅਤੇ ਭਾਰਤ-ਮਲੇਸ਼ੀਆ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਆਪਸੀ ਹਿੱਤਾਂ ਦੇ ਕਈ ਮੁੱਦਿਆਂ ’ਤੇ ਚਰਚਾ ਕੀਤੀ। ਰੱਖਿਆ ਮੰਤਰੀ ਨੇ ਇੱਥੇ ਇੱਕ ਸਮਾਗਮ ਵਿੱਚ 99 ਸਾਲਾ ਭਾਰਤੀ ਰਾਸ਼ਟਰੀ ਸੈਨਾ ਦੇ ਬਜ਼ੁਰਗ ਨੂੰ ਸਨਮਾਨਿਤ ਕੀਤਾ, ਜਿਸ ਨੇ ਬਰਮਾ ਸਰਹੱਦ ’ਤੇ ਆਜ਼ਾਦੀ ਘੁਲਾਟੀਏ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਲ ਜੰਗ ਲੜੀ ਸੀ। -ਪੀਟੀਆਈ