ਬਮਾਕੋ, 19 ਅਗਸਤ ਪੱਛਮੀ ਅਫਰੀਕਾ ਦੇ ਦੇਸ਼ ਮਾਲੀ ਦੇ ਰਾਸ਼ਟਰਪਤੀ ਇਬਰਾਹਿਮ ਬਾਉਬਕਰ ਕੀਤਾ ਦੀ ਪੁੜਪੜੀ ’ਤੇ ਪਿਸਤੌਲ ਰੱਖ ਕੇ ਅਸਤੀਫਾ ਲੈ ਲਿਆ। ਦੇਸ਼ ਵਿੱਚ ਬਾਗੀ ਫੌਜੀਆਂ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਨਿਵਾਸ ਦਾ ਘਿਰਾਓ ਕੀਤਾ ਅਤੇ ਹਵਾ ਵਿੱਚ ਫਾਇਰਿੰਗ ਕਰਦੇ ਹੋਏ ਉਨ੍ਹਾਂ ਨੂੰ ਬੰਦੀ ਬਣਾ ਲਿਆ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਨੇ ਮਾਲੀ ਦੀ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਮੀਟਿੰਗ ਸੱਦੀ ਹੈ। ਅੱਧੀ ਰਾਤ ਤੋਂ ਥੋੜ੍ਹੀ ਦੇਰ ਪਹਿਲਾਂ ਕੀਤਾ ਨੇ ਸਰਕਾਰੀ ਟੈਲੀਵਿਜ਼ਨ ਓਆਰਟੀਐੱਮ ‘ਤੇ ਕਿਹਾ ਕਿ ਉਨ੍ਹਾਂ ਦਾ ਅਸਤੀਫਾ ਤੁਰੰਤ ਲਾਗੂ ਹੋ ਜਾਵੇਗਾ। ਉਨ੍ਹਾਂ ਕਿਹਾ, “ਮੈਂ ਉਮੀਦ ਕਰਦਾ ਹਾਂ ਕਿ ਮੈਨੂੰ ਸੱਤਾ ਵਿੱਚ ਰੱਖਣ ਲਈ ਕੋਈ ਖੂਨ ਵਹਾਇਆ ਨਹੀਂ ਜਾਵੇ। ਮੈਂ ਆਪਣਾ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ।” ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਅਤੇ ਨੈਸ਼ਨਲ ਅਸੈਂਬਲੀ ਭੰਗ ਹੋ ਗਈ ਹੈ।