ਵਾਸ਼ਿੰਗਟਨ: ਵ੍ਹਾਈਟ ਹਾਊਸ ਵੱਲੋਂ ਗਰੀਨ ਕਾਰਡ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ ਘਟਾ ਕੇ ਛੇ ਮਹੀਨੇ ਅਤੇ ਸਾਰੇ ਬੈਕਲਾਗ ਅਪਰੈਲ 2023 ਤੱਕ ਖ਼ਤਮ ਕਰਨ ਸਬੰਧੀ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਤਜਵੀਜ਼ ਜੇਕਰ ਲਾਗੂ ਹੋ ਗਈ ਤਾਂ ਇਸ ਨਾਲ ਭਾਰਤ ਅਤੇ ਚੀਨ ਸਮੇਤ ਹੋਰ ਹਜ਼ਾਰਾਂ ਪਰਵਾਸੀ ਪਰਿਵਾਰਾਂ ਨੂੰ ਲਾਭ ਹੋਵੇਗਾ।
ਏਸ਼ਿਆਈ ਅਮਰੀਕੀ, ਜੱਦੀ ਹਵਾਈ ਅਤੇ ਪੈਸੇਫਿਕ ਟਾਪੂਆਂ ਬਾਰੇ ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ਨੇ ਇਸ ਸਾਲ ਮਈ ’ਚ ਇਹ ਸਿਫ਼ਾਰਸ਼ਾਂ ਕੀਤੀਆਂ ਸਨ। ਕਮਿਸ਼ਨ ਨੇ ਸ਼ੁੱਕਰਵਾਰ ਨੂੰ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਇਹ 24 ਅਗਸਤ ਨੂੰ ਰਾਸ਼ਟਰਪਤੀ ਭਵਨ ਨੂੰ ਸੌਂਪ ਦਿੱਤੀ ਸੀ। ਸਿਲੀਕਾਨ ਵੈਲੀ ਆਧਾਰਿਤ ਭਾਰਤੀ-ਅਮਰੀਕੀ ਕਾਰੋਬਾਰੀ ਅਜੈ ਜੈਨ ਨੇ ਭਾਈਚਾਰੇ ਤੋਂ ਮਿਲੀ ਫੀਡਬੈਕ ਮਗਰੋਂ ਕਮਿਸ਼ਨ ਦੀ ਪਹਿਲੀ ਬੈਠਕ ਦੌਰਾਨ ਹੀ ਤਜਵੀਜ਼ਾਂ ਪੇਸ਼ ਕਰ ਦਿੱਤੀਆਂ ਸਨ। ਉਸ ਦੀ ਤਜਵੀਜ਼ ਨੂੰ ਕਮਿਸ਼ਨ ਨੇ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ ਸੀ। -ਪੀਟੀਆਈ