ਵਾਸ਼ਿੰਗਟਨ, 4 ਫਰਵਰੀ
ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਵਿਚ ਯੂਕਰੇਨ ਸਰਹੱਦ ’ਤੇ ਸਥਿਤੀ ਬਾਰੇ ਚਰਚਾ ਵਿਚ ਭਾਰਤ ਦੇ ਵੋਟਿੰਗ ’ਚੋਂ ਗੈਰ-ਹਾਜ਼ਰ ਰਹਿਣ ਤੋਂ ਕੁਝ ਦਿਨਾਂ ਬਾਅਦ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਭਾਰਤ ਨਾਲ ਸਬੰਧ ਆਪਣੀਆਂ ਖਾਸੀਅਤਾਂ ’ਤੇ ਆਧਾਰਤ ਹਨ ਅਤੇ ਰੂਸ ਨਾਲ ਜਾਰੀ ਤਣਾਅ ਦਾ ਇਨ੍ਹਾਂ ’ਤੇ ਅਸਰ ਨਹੀਂ ਪਿਆ ਹੈ।
ਵਿਦੇਸ਼ ਵਿਭਾਗ ਦੇ ਤਰਜਮਾਨ ਨੈੱਡ ਪ੍ਰਾਈਸ ਨੇ ਵੀਰਵਾਰ ਨੂੰ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ, ‘‘ਭਾਰਤ ਨਾਲ ਸਾਡਾ ਸਬੰਧ ਆਪਣੀਆਂ ਖਾਸੀਅਤਾਂ ’ਤੇ ਟਿਕਿਆ ਹੈ।’’ ਹਾਲਾਂਕਿ, ਉਨ੍ਹਾਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਯੂਕਰੇਨ ਸਰਹੱਦ ਸਬੰਧੀ ਭਾਰਤ ਦੀ ਸਥਿਤੀ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਤੋਂ ਟਾਲਾ ਵੱਟਿਆ। ਪ੍ਰਾਈਸ ਨੇ ਕਿਹਾ, ‘‘ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਆਪਣੇ ਰੁਖ਼ ’ਤੇ ਚਰਚਾ ਕਰਨ ਲਈ ਮੈਂ ਇਸ ਨੂੰ ਆਪਣੇ ਭਾਰਤੀ ਭਾਈਵਾਲਾਂ ’ਤੇ ਛੱਡ ਦਿੰਦਾ ਹਾਂ।’’ ਉਨ੍ਹਾਂ ਕਿਹਾ, ‘‘ਰੂਸ ਦੇ ਸੈਨਿਕਾਂ ਦੀ ਭੀੜ ਅਤੇ ਯੂਕਰੇਨ ਖ਼ਿਲਾਫ਼ ਉਸ ਦੇ ਹਮਲਾਵਰ ਰੁਖ਼ ਬਾਰੇ ਸਾਡੀਆਂ ਚਿੰਤਾਵਾਂ ਬਾਰੇ ਅਸੀਂ ਆਪਣੇ ਭਾਰਤੀ ਭਾਈਵਾਲਾਂ ਸਣੇ ਦੁਨੀਆ ਭਰ ਦੇ ਦਰਜਨਾਂ ਦੇਸ਼ਾਂ ਨਾਲ ਸੰਪਰਕ ਵਿਚ ਹਾਂ। ਇਹ ਅਜਿਹੀ ਗੱਲਬਾਤ ਹੈ ਜੋ ਅਮਰੀਕਾ ਵੱਖ-ਵੱਖ ਪੱਧਰਾਂ ’ਤੇ ਕਰ ਰਿਹਾ ਹੈ।’’
ਜਾਣਕਾਰੀ ਅਨੁਸਾਰ ਰੂਸ ਨੇ ਯੂਕਰੇਨ ਨੇੜਲੀ ਸਰਹੱਦ ਕੋਲ ਕਰੀਬ 1,00,000 ਫ਼ੌਜੀ ਸੈਨਿਕਾਂ ਨੂੰ ਭੇਜਿਆ ਹੈ, ਜਿਸ ਸਬੰਧੀ ਪੱਛਮੀ ਦੇਸ਼ਾਂ ਨੇ ਸਖ਼ਤ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਰੂਸ ਦਾ ਹਮਲਾ ਕਰਨ ਦਾ ਇਰਾਦਾ ਹੈ। ਰੂਸ ਨੇ ਵਾਰ-ਵਾਰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਯਕਰੇਨ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ, ਰੂਸ ਮੰਗ ਕਰ ਰਿਹਾ ਹੈ ਕਿ ਨਾਟੋ ਯੂਕਰੇਨ ਨੂੰ ਕਦੇ ਵੀ ਫ਼ੌਜੀ ਗੱਠਜੋੜ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਾ ਦੇਵੇ ਅਤੇ ਰੂਸੀ ਸਰਹੱਦਾਂ ਕੋਲ ਨਾਟੋ ਹਥਿਆਰਾਂ ਦੀ ਤਾਇਨਾਤੀ ਰੋਕਣ ਅਤੇ ਪੂਰਬੀ ਯੂਰੋਪ ਤੋਂ ਆਪਣੀ ਸੈਨਾ ਨੂੰ ਵਾਪਸ ਸੱਦਣ ਦਾ ਵਾਅਦਾ ਕਰੇ। ਅਮਰੀਕਾ ਤੇ ਨਾਟੋ ਨੇ ਰੂਸ ਦੀਆਂ ਮੰਗਾਂ ਰੱਦ ਕਰ ਦਿੱਤੀਆਂ ਹਨ ਪਰ ਰੂਸ ਦੀਆਂ ਸੁਰੱਖਿਆ ਸਬੰਧੀ ਚਿੰਤਾਵਾਂ ਨੂੰ ਦੂਰ ਕਰਨ ਅਤੇ ਸੰਕਟ ਨੂੰ ਘੱਟ ਕਰਨ ਲਈ ਅੱਗੇ ਗੱਲਬਾਤ ਤੋਂ ਇਨਕਾਰ ਨਹੀਂ ਕੀਤਾ ਹੈ। ਪ੍ਰਾਈਸ ਨੇ ਕਿਹਾ, ‘‘ਜਿਵੇਂ ਕਿ ਮੈਂ ਪਹਿਲਾਂ ਇਕ ਵੱਖਰੇ ਸੰਦਰਭ ਵਿਚ ਕਿਹਾ ਸੀ ਕਿ ਯੂਕਰੇਨ ਖ਼ਿਲਾਫ਼ ਰੂਸ ਦਾ ਹਮਲਾਵਰ ਰੁਖ਼ ਅਤੇ ਯੂਕਰੇਨ ’ਤੇ ਰੂਸੀ ਹਮਲੇ ਦਾ ਉਸ ਦੇ ਆਸ-ਪਾਸ ਦੇ ਦੇਸ਼ਾਂ ਤੋਂ ਇਲਾਵਾ ਸੁਰੱਖਿਆ ਵਾਤਾਵਰਨ ’ਤੇ ਵੀ ਅਸਰ ਪਵੇਗਾ। ਭਾਵੇਂ ਉਹ ਚੀਨ ਹੋਵੇ ਜਾਂ ਭਾਰਤ ਜਾਂ ਦੁਨੀਆ ਭਰ ਦੇ ਦੇਸ਼, ਇਸ ਦੇ ਪ੍ਰਭਾਵ ਕਾਫੀ ਗੰਭੀਰ ਤੇ ਦੂਰ ਤੱਕ ਹੋਣਗੇ। ਮੈਨੂੰ ਲੱਗਦਾ ਹੈ ਕਿ ਸਾਰੇ ਇਸ ਸਬੰਧੀ ਵਿਆਪਕ ਸਮਝ ਰੱਖਦੇ ਹਨ।’’ -ਪੀਟੀਆਈ