ਲਾਸ ਏਂਜਲਸ, 28 ਮਈ
ਅਮਰੀਕਾ ਵਿੱਚ ਗੋਲੀਬਾਰੀ ਦੀ ਘਟਨਾ ਦੌਰਾਨ ਮਾਰੇ ਗਏ ਭਾਰਤੀ-ਅਮਰੀਕੀ ਮੂਲ ਦੇ ਸਿੱਖ ਤਪਤੇਜਦੀਪ ਸਿੰਘ ਨੂੰ ਇੱਕ ਨਾਇਕ ਵਜੋਂ ਯਾਦ ਕੀਤਾ ਗਿਆ, ਜੋ ਆਪਣੀ ਜ਼ਿੰਦਗੀ ਦੂਜਿਆਂ ਦੀ ਸੁਰੱਖਿਆ ਲਈ ਜਿਊਂਦਾ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਤਪਤੇਜਦੀਪ ਸਿੰਘ ਇੱਕ ਨਾਇਕ ਹੀ ਸੀ, ਜੋ ਦੂਜਿਆਂ ਦੀ ਸੇਵਾ ਅਤੇ ਉਨ੍ਹਾਂ ਦੀ ਸੁਰੱਖਿਆ ਵਿੱਚ ਲੱਗਿਆ ਰਹਿੰਦਾ ਸੀ। ਕੈਲੀਫੋਰਨੀਆਂ ਦੇ ਰੇਲ ਯਾਰਡ ਵਿੱਚ ਹੋਈ ਗੋਲੀਬਾਰੀ ਦੌਰਾਨ ਨੌਂ ਵਿਅਕਤੀ ਮਾਰੇ ਗਏ ਸਨ, ਜਿਨ੍ਹਾਂ ਵਿੱਚ ਤਪਤੇਜਦੀਪ ਸਿੰਘ ਵੀ ਸ਼ਾਮਲ ਸੀ।
ਗੋਲੀਬਾਰੀ ਬੁੱਧਵਾਰ ਸਵੇਰੇ ਲਗਪਗ ਸਾਢੇ ਛੇ ਵਜੇ ਸਾਂ ਹੌਜ਼ੇ ਵਿੱਚ ‘ਵੈਲੀ ਟਰਾਂਸਪੋਰਟੇਸ਼ਨ ਅਥਾਰਟੀ (ਵੀਟੀਏ) ਦੀਆਂ ਦੋ ਇਮਾਰਤਾਂ ਵਿੱਚ ਹੋਈ ਸੀ। ਇਹ ਗੋਲੀਬਾਰੀ ਰੱਖ-ਰਖਾਅ ਕਰਮਚਾਰੀ ਸੈਮੂਅਲ ਕੈਸਿੱਡੀ (57) ਵੱਲੋਂ ਕੀਤੀ ਗਈ ਸੀ। ਤਪਤੇਜਦੀਪ ਸਿੰਘ (36) ਵੀਟੀਏ ਵਿੱਚ ਨੌਂ ਸਾਲਾਂ ਤੋਂ ਇੱਕ ਲਾਈਟ ਰੇਲ ਆਪਰੇਟਰ ਵਜੋਂ ਕੰਮ ਕਰਦਾ ਸੀ। ਉਸ ਦੇ ਭਰਾ ਨੇ ਪਰਿਵਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ, ‘‘ਤਪਤੇਜਦੀਪ ਸਿੰਘ ਸਿੱਖ ਧਰਮ ਦੇ ਸਿਧਾਂਤਾਂ ਦੀ ਪਾਲਣਾ ਕਰਦਿਆਂ ਦੂਜਿਆਂ ਦੀ ਸੇਵਾ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਕੰਮ ਕਰ ਰਿਹਾ ਸੀ।’’ ‘ਯੂਐੱਸਏ ਟੂਡੇ’ ਨੇ ਬਿਆਨ ਦੇ ਹਵਾਲੇ ਨਾਲ ਇੱਕ ਖ਼ਬਰ ਵਿੱਚ ਕਿਹਾ, ‘‘ਸਾਨੂੰ ਤਪਤੇਜਦੀਪ ਨੂੰ ਉਸ ਨਾਇਕ ਵਜੋਂ ਯਾਦ ਕਰਨਾ ਚਾਹੀਦਾ ਹੈ, ਜੋ ਦੂਜਿਆਂ ਦੀ ਸੇਵਾ ਲਈ ਜਿਊਂਦਾ ਸੀ।’’ ਤਪਤੇਜਦੀਪ ਸਿੰਘ ਦੇ ਪਰਿਵਾਰ ਵਿੱਚ ਪਤਨੀ ਅਤੇ ਤਿੰਨ ਸਾਲਾਂ ਦਾ ਇੱਕ ਲੜਕਾ ਅਤੇ ਇੱਕ ਸਾਲ ਦੀ ਧੀ ਹੈ। -ਪੀਟੀਆਈ