ਪੇਈਚਿੰਗ: ਚੀਨ ਦੀ ਰਾਜਧਾਨੀ ਪੇਈਚਿੰਗ ਸਥਿਤ ਭਾਰਤੀ ਦੂਤਾਵਾਸ ਨੇ ਪੇਈਚਿੰਗ ਤੇ ਉਸ ਦੇ ਨੇੜਲੇ ਸੂਬਿਆਂ ’ਚ ਕਰੋਨਾ ਵਾਇਰਸ ਦੇ ਮਾਮਲੇ ਮੁੜ ਤੋਂ ਸਾਹਮਣੇ ਆਉਣ ਦੇ ਮੱਦੇਨਜ਼ਰ ਅੱਜ ਐਲਾਨ ਕੀਤਾ ਹੈ ਕਿ ਇਸ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮ ਸਿਰਫ਼ ਉਸ ਦੇ ਕਰਮਚਾਰੀਆਂ ਤੱਕ ਹੀ ਸੀਮਤ ਹੋਵੇਗਾ। ਦੂਤਾਵਾਸ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਪੇਈਚਿੰਗ ਤੇ ਇਸ ਨੇੜੇ-ਤੇੜੇ ਤੇ ਸੂਬਿਆਂ ਹੇਬੇਈ ਅਤੇ ਹੇਈਲੌਂਗਜਿਆਂਗ ’ਚ ਕੋਵਿਡ-19 ਮਹਾਮਾਰੀ ਨਾਲ ਸਬੰਧਤ ਮੌਜੂਦਾ ਹਾਲਾਤ ਤੇ ਪਾਬੰਦੀਆਂ ਨੂੰ ਦੇਖਦਿਆਂ ਝੰਡਾ ਲਹਿਰਾਉਣ ਦੇ ਸਮਾਗਮ ’ਚ ਸਿਰਫ਼ ਦੂਤਾਵਾਸ ਦੇ ਅਧਿਕਾਰੀ ਹੀ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਹਰ ਸਾਲ ਗਣਤੰਤਰ ਦਿਵਸ ਸਮਾਗਮ ਮੌਕੇ ਪੇਈਚਿੰਗ ਤੇ ਨੇੜਲੇ ਸੂਬਿਆਂ ਤੋਂ ਵੱਡੀ ਗਿਣਤੀ ’ਚ ਭਾਰਤੀ ਪਰਵਾਸੀ ਸ਼ਾਮਲ ਹੁੰਦੇ ਹਨ।