ਵਾਸ਼ਿੰਗਟਨ, 27 ਫਰਵਰੀ
ਰਿਪਬਲਿਕਨ ਪਾਰਟੀ ਦੇ ਸੈਨੇਟਰ ਜੌਹਨ ਕੋਰਨਿਨ ਨੇ ਸਲਾਮਤੀ ਪਰਿਸ਼ਦ ’ਚ ਰੂਸ ਖ਼ਿਲਾਫ਼ ਮਤੇ ’ਚੋਂ ਭਾਰਤ ਦੇ ਗ਼ੈਰਹਾਜ਼ਰ ਰਹਿਣ ’ਤੇ ਨਿਰਾਸ਼ਾ ਜਤਾਈ ਹੈ। ਉਨ੍ਹਾਂ ਟਵੀਟ ਕਰਕੇ ਦੋਸ਼ ਲਾਇਆ ਕਿ ਭਾਰਤ ਨੇ ਜਨਤਕ ਤੌਰ ’ਤੇ ਮਾਸਕੋ ਦੀ ਨਿਖੇਧੀ ਕੀਤੀ ਹੈ ਪਰ ਉਹ ਰੂਸ ਨਾਲ ਰਣਨੀਤਕ ਸਬੰਧਾਂ ’ਚ ਤਵਾਜ਼ਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਦੋ ਹੋਰ ਕਾਂਗਰਸਮੈੱਨ ਨੇ ਭਾਰਤ ਦੇ ਸੁਰੱਖਿਆ ਕੌਸਲ ’ਚ ਵੋਟਿੰਗ ’ਚੋਂ ਗ਼ੈਰਹਾਜ਼ਰ ਰਹਿਣ ਦੇ ਫ਼ੈਸਲੇ ਖ਼ਿਲਾਫ਼ ਪ੍ਰਤੀਕਰਮ ਦਿੱਤਾ ਸੀ। ਭਾਰਤੀ ਅਮਰੀਕੀ ਕਾਂਗਰਸਮੈਨ ਰੋ ਖੰਨਾ ਨੇ ਟਵੀਟ ਕਰਕੇ ਕਿਹਾ ਸੀ ਕਿ 1962 ਦੀ ਜੰਗ ਸਮੇਂ ਭਾਰਤ ਨਾਲ ਰਾਸ਼ਟਰਪਤੀ ਕੈਨੇਡੀ ਖੜ੍ਹੇ ਹੋਏ ਸਨ। ਉਨ੍ਹਾਂ ਕਿਹਾ ਕਿ ਚੀਨ ਦੀਆਂ ਵਿਸਤਾਰਵਾਦੀ ਨੀਤੀਆਂ ਖ਼ਿਲਾਫ਼ ਭਾਰਤ ਨਾਲ ਰੂਸ ਨਹੀਂ ਸਗੋਂ ਅਮਰੀਕਾ ਖੜ੍ਹਾ ਹੋਵੇਗਾ। ਉਨ੍ਹਾਂ ਕਿਹਾ ਸੀ ਕਿ ਭਾਰਤ ਨੂੰ ਪੂਤਿਨ ਖ਼ਿਲਾਫ਼ ਖੁੱਲ੍ਹ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਇਕ ਹੋਰ ਕਾਂਗਰਸਮੈਨ ਐਰਿਕ ਸਵਾਲਵੈੱਲ ਨੇ ਵੀ ਭਾਰਤ ਦੇ ਸਟੈਂਡ ’ਤੇ ਨਿਰਾਸ਼ਾ ਜਤਾਈ ਸੀ। -ਪੀਟੀਆਈ