ਸੰਯੁਕਤ ਰਾਸ਼ਟਰ, 15 ਜੁਲਾਈ
ਸੰਯੁਕਤ ਰਾਸ਼ਟਰ ਦੇ ਇਕ ਉੱਚ ਪੱਧਰੀ ਸੈਸ਼ਨ ਮੌਕੇ ਭਾਰਤ ਨੇ ਕਿਹਾ ਹੈ ਕਿ ਟਿਕਾਊ ਖੇਤੀਬਾੜੀ ਹੀ ਖ਼ੁਰਾਕ ਸੁਰੱਖਿਆ ਦੀ ਨੀਂਹ ਹੈ। ਭਾਰਤ ਨੇ ਬੀਜ ਭਿੰਨਤਾ ਵਾਪਸ ਲਿਆਉਣ ਉਤੇ ਵੀ ਜ਼ੋਰ ਦਿੱਤਾ ਕਿਉਂਕਿ ਕਿਸਾਨ ਜਦੋਂ ਤੋਂ ਸਥਾਨਕ ਕਿਸਮਾਂ ਤੋਂ ਜੈਨੇਟਿਕ ਤੌਰ ’ਤੇ ਇਕਸਾਰ ਉੱਚ ਉਤਪਾਦਨ ਵਾਲੀਆਂ ਕਿਸਮਾਂ ਵੱਲ ਗਿਆ ਹੈ, ਉਦੋਂ ਤੋਂ ਫ਼ਸਲਾਂ ਦੀ ਲੰਮਾ ਸਮਾਂ ਟਿਕੇ ਰਹਿਣ ਦੀ ਸਮਰੱਥਾ ਘੱਟ ਗਈ ਹੈ, ਖ਼ਾਸ ਕਰ ਕੇ ਉਸ ਵੇਲੇ ਜਦ ਕਿਸੇ ਕਿਸਮ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇ। ਭਾਰਤ, ਚਿਲੀ ਤੇ ਸੰਯੁਕਤ ਰਾਸ਼ਟਰ ਦੇ ਖ਼ੁਰਾਕ ਅਤੇ ਖੇਤੀਬਾੜੀ ਸੰਗਠਨ ਨਾਲ ਮਿਲ ਕੇ ਉੱਚ ਪੱਧਰੀ ਸਿਆਸੀ ਫੋਰਮ ਦੀ ਮੇਜ਼ਬਾਨੀ ਕਰ ਰਿਹਾ ਹੈ। ਈਵੈਂਟ ’ਚ ਫ਼ਲਾਂ ਤੇ ਸਬਜ਼ੀਆਂ ਦੇ ਟਿਕਾਊ ਉਤਪਾਦਨ ਤੇ ਸੇਵਨ ਰਾਹੀਂ ਮਿਲਣ ਵਾਲੇ ਪੌਸ਼ਟਿਕ ਤੱਤਾਂ ਤੇ ਇਨ੍ਹਾਂ ਦੇ ਸਿਹਤ ਉਤੇ ਪੈਣ ਵਾਲੇ ਅਸਰਾਂ ਨੂੰ ਵਿਚਾਰਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਡਿਪਟੀ ਸਥਾਈ ਨੁਮਾਇੰਦੇ ਕੇ. ਨਾਗਰਾਜ ਨਾਇਡੂ ਨੇ ਕਿਹਾ ਕਿ ਸੰਨ 1900 ਤੋਂ ਬਾਅਦ ਸੰਸਾਰ ਵਿਚ ਵੱਖ-ਵੱਖ ਪੌਦਿਆਂ ਦੀ ਜਿਣਸੀ ਭਿੰਨਤਾ 75 ਫ਼ੀਸਦ ਤੱਕ ਵਰਤੋਂ ਤੋਂ ਬਾਹਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਿਣਸੀ ਤੌਰ ’ਤੇ ਵਿਕਸਿਤ ਫ਼ਸਲਾਂ ਦੇ ਵੀ ਸਮਾਜਿਕ-ਆਰਥਿਕ ਅਸਰ ਹਨ। ਹਰ ਸੀਜ਼ਨ ਵਿਚ ਨਵੇਂ ਬੀਜ ਖ਼ਰੀਦਣੇ ਮਹਿੰਗੇ ਪੈਂਦੇ ਹਨ, ਖ਼ਰਚਾ ਤੇ ਕਰਜ਼ਾ ਵਧਦਾ ਹੈ। ਨਾਇਡੂ ਨੇ ਕਿਹਾ ਕਿ ਬੀਜ ਭਿੰਨਤਾ ਵਾਪਸ ਲਿਆਉਣ ’ਚ ਕਿਸਾਨ ਮਹਿਲਾਵਾਂ ਅਹਿਮ ਯੋਗਦਾਨ ਦੇ ਸਕਦੀਆਂ ਹਨ। -ਪੀਟੀਆਈ