* ਸ੍ਰੀਲੰਕਾ ਤੇ ਭੂਟਾਨ ਲਈ ਵੀ ਕਰਨਗੇ ਕੰਮ* ਕੌਮਾਂਤਰੀ ਸਮਰਥਨ ਜੁਟਾਉਣ ਲਈ ਇਜ਼ਰਾਈਲ ਨੇ 21 ਨਵੇਂ ਰਾਜਦੂਤ ਲਾਏ
ਯੇਰੂਸ਼ਲਮ: ਇਜ਼ਰਾਇਲ ਸਰਕਾਰ ਨੇ ਰੂਵੇਨ ਅਜ਼ਾਰ ਨੂੰ ਭਾਰਤ ਵਿਚ ਨਵੇਂ ਰਾਜਦੂਤ ਦੇ ਰੂਪ ’ਚ ਨਿਯੁਕਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਅਜ਼ਾਰ (56) ਸ੍ਰੀਲੰਕਾ ਤੇ ਭੂਟਾਨ ’ਚ ਗੈਰ-ਨਿਵਾਸੀ ਰਾਜਦੂਤ ਦੇ ਰੂਪ ਵਿਚ ਵੀ ਕੰਮ ਕਰਨਗੇ। ਇਸ ਦੇ ਨਾਲ ਹੀ ਇਜ਼ਰਾਈਲ ਸਰਕਾਰ ਨੇ ਵਿਦੇਸ਼ਾਂ ’ਚ ਸਥਿਤ ਦੂਤਾਵਾਸਾਂ ਵਿਚ 21 ਨਵੇਂ ਰਾਜਦੂਤਾਂ ਦੀ ਨਿਯੁਕਤੀ ਨੂੰ ਵੀ ਮਨਜ਼ੂਰੀ ਦਿੱਤੀ ਹੈ। ਵਿਦੇਸ਼ ਮੰਤਰੀ ਏਲੀ ਕੋਹੇਨ ਨੇ ਕਿਹਾ ਕਿ ਨਵੇਂ ਰਾਜਦੂਤ ਇਜ਼ਰਾਈਲ ਤੇ ਉਸ ਦੇ ਨਾਗਰਿਕਾਂ ਦੀ ਨੁਮਾਇੰਦਗੀ ਕਰਨਗੇ, ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤ ਬਣਾਉਣਗੇ ਤੇ ਸਰਕਾਰ ਲਈ ਕੌਮਾਂਤਰੀ ਸਮਰਥਨ ਨੂੰ ਮਜ਼ਬੂਤ ਕਰਨਗੇ। ਸੂਤਰਾਂ ਮੁਤਾਬਕ ਅਜ਼ਾਰ ਹਾਲੇ ਰੋਮਾਨੀਆ ਵਿਚ ਇਜ਼ਰਾਈਲ ਦੇ ਰਾਜਦੂਤ ਵਜੋਂ ਕੰਮ ਕਰ ਰਹੇ ਹਨ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਉਹ ਨਵੀਂ ਦਿੱਲੀ ਵਿਚ ਅਹੁਦਾ ਕਦੋਂ ਸੰਭਾਲਣਗੇ। ਉਹ ਨਾਓਰ ਗਿਲੋਨ ਦੀ ਥਾਂ ਲੈਣਗੇ ਜੋ 2021 ਤੋਂ ਭਾਰਤ ਵਿਚ ਇਜ਼ਰਾਈਲ ਦੇ ਰਾਜਦੂਤ ਹਨ। ਅਜ਼ਾਰ ਪਹਿਲਾਂ ਵਿਦੇਸ਼ ਮੰਤਰਾਲੇ ਵਿਚ ਇਜ਼ਰਾਈਲ-ਅਮਰੀਕਾ-ਚੀਨ ਅੰਦਰੂਨੀ ਟਾਸਕ ਫੋਰਸ ਦੇ ਮੁਖੀ ਵੀ ਰਹਿ ਚੁੱਕੇ ਹਨ। ਉਹ ਇਜ਼ਰਾਇਲੀ ਪ੍ਰਧਾਨ ਮੰਤਰੀ ਦੇ ਵਿਦੇਸ਼ ਨੀਤੀ ਸਲਾਹਕਾਰ ਤੇ ਕੌਮੀ ਸੁਰੱਖਿਆ ਪਰਿਸ਼ਦ ਵਿਚ ਵਿਦੇਸ਼ ਨੀਤੀ ਲਈ ਡਿਪਟੀ ਕੌਮੀ ਸੁਰੱਖਿਆ ਸਲਾਹਕਾਰ ਵੀ ਰਹੇ ਹਨ। ਸੰਨ 2014-2018 ਤੱਕ ਉਹ ਵਾਸ਼ਿੰਗਟਨ ਵਿਚ ਇਜ਼ਰਾਇਲੀ ਦੂਤਾਵਾਸ ਵਿਚ ਡਿਪਟੀ ਰਾਜਦੂਤ ਵੀ ਰਹਿ ਚੁੱਕੇ ਹਨ। -ਪੀਟੀਆਈ