ਬਗਦਾਦ, 19 ਦਸੰਬਰ
ਇਰਾਕ ਦੀ ਰਾਜਧਾਨੀ ਬਗਦਾਦ ਦੇ ਭਾਰੀ ਸੁਰੱਖਿਆ ਵਾਲੇ ਗਰੀਨ ਜ਼ੋਨ, ਜਿੱਥੇ ਅਮਰੀਕਾ ਦਾ ਦੂੁਤਘਰ ਵੀ ਹੈ, ਵਿੱਚ ਦੋ ਰਾਕੇਟਾਂ ਨਾਲ ਹਮਲਾ ਹੋਇਆ ਹੈ। ਇਰਾਕੀ ਫ਼ੌਜ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਮਲੇ ਕਾਰਨ ਮਾਲੀ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇੱਕ ਰਾਕੇਟ ਦੂਤਘਰ ਦੀ ਸੀ-ਰੈਮ ਰੱਖਿਆ ਪ੍ਰਣਾਲੀ ਨਾਲ ਤਬਾਹ ਕਰ ਦਿੱਤਾ ਗਿਆ। ਕੌਮੀ ਸਮਾਰਕ ਨੇੜੇ ਡਿੱਗੇ ਇੱਕ ਹੋਰ ਰਾਕੇਟ ਨਾਲ ਦੋ ਆਮ ਵਾਹਨ ਨੁਕਸਾਨੇ ਗਏ ਹਨ।
ਇਰਾਕੀ ਸੁਰੱਖਿਆ ਬਲਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਗਰੀਨ ਜ਼ੋਨ ਵਿੱਚ ਅਮਰੀਕੀ ਦੂਤਘਰ ਤੋਂ ਇਲਾਵਾ ਹੋਰ ਵਿਦੇਸ਼ੀ ਕੂਟਨੀਤਕ ਮਿਸ਼ਨਾਂ ਅਤੇ ਇਰਾਕ ਸਰਕਾਰ ਦੀਆਂ ਇਮਾਰਤਾਂ ਸਥਿਤ ਹਨ। ਇਸ ਖੇਤਰ ਵਿੱਚ ਲਗਾਤਾਰ ਰਾਕੇਟ ਅਤੇ ਡਰੋਨ ਹਮਲੇ ਹੁੰਦੇ ਰਹੇ ਹਨ ਅਤੇ ਅਮਰੀਕੀ ਅਧਿਕਾਰੀ ਇਸ ਦਾ ਦੋਸ਼ ਇਰਾਨ ਦੇ ਸਮਰਥਨ ਵਾਲੇ ਇਰਾਕੀ ਮਿਲੀਸ਼ੀਆ ਗਰੁੱਪਾਂ ’ਤੇ ਲਾਉਂਦੇ ਹਨ। -ਏਪੀ