ਜ਼ਪੋਰੀਜ਼ਜ਼ੀਆ, 3 ਮਈ
ਰੂਸੀ ਫ਼ੌਜ ਨੇ ਯੂਕਰੇਨ ਦੇ ਬੰਦਰਗਾਹ ਸ਼ਹਿਰ ਮਾਰੀਓਪੋਲ ਦੇ ਸਟੀਲ ਪਲਾਂਟ ’ਤੇ ਮੁੜ ਜ਼ੋਰਦਾਰ ਹਮਲਾ ਕੀਤਾ ਹੈ। ਰਾਕੇਟ ਦਾਗ਼ੇ ਜਾਣ ਮਗਰੋਂ ਇਲਾਕੇ ’ਚ ਸੰਘਣਾ ਧੂੰਆਂ ਫੈਲ ਗਿਆ। ਅਧਿਕਾਰੀਆਂ ਨੇ ਕਿਹਾ ਕਿ ਪਲਾਂਟ ’ਚੋਂ ਲੋਕਾਂ ਨੂੰ ਕੱਢੇ ਜਾਣ ਦੇ ਬਾਵਜੂਦ ਉਥੇ 200 ਲੋਕ ਫਸੇ ਹੋਏ ਹਨ। ਪੂਰਬੀ ਯੂਕਰੇਨ ਦੇ ਦੋਨੇਤਸਕ ਖ਼ਿੱਤੇ ’ਚ ਰੂਸੀ ਹਮਲੇ ’ਚ 9 ਵਿਅਕਤੀ ਮਾਰੇ ਗਏ। ਦੋਨੇਤਸਕ ਦੇ ਗਵਰਨਰ ਪਾਵਲੋ ਕਿਰਿਲੇਂਕੋ ਨੇ ਟੈਲੀਗ੍ਰਾਮ ਐਪ ’ਤੇ ਲਿਖਿਆ ਕਿ ਅਵਦਿਵਕਾ, ਵੂਹਲੇਦਰ ਅਤੇ ਲੀਮਾਨ ਸ਼ਹਿਰਾਂ ’ਚ ਹਵਾਈ ਬੰਬਾਰੀ ਦੌਰਾਨ ਤਿੰਨ-ਤਿੰਨ ਨਾਗਰਿਕ ਮਾਰੇ ਗਏ ਹਨ। ਯੂਕਰੇਨੀ ਰਾਸ਼ਟਰਪਤੀ ਦੇ ਦਫ਼ਤਰ ਨੇ ਕਿਹਾ ਕਿ ਦੋਨੇਤਸਕ ਦੇ ਹੋਰ ਇਲਾਕਿਆਂ ’ਚ ਲਗਾਤਾਰ ਗੋਲਾਬਾਰੀ ਹੋ ਰਹੀ ਹੈ। ਪੋਪ ਫਰਾਂਸਿਸ ਨੇ ਜੰਗ ਖ਼ਤਮ ਕਰਾਉਣ ਦੀ ਪਹਿਲ ਕਰਦਿਆਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ।
ਖ਼ਬਰ ਏਜੰਸੀ ਰਾਇਟਰਜ਼ ਦੀਆਂ ਤਸਵੀਰਾਂ ’ਚ ਦਿਖਾਈ ਦਿੰਦਾ ਹੈ ਕਿ ਰੂਸ ਵੱਲੋਂ ਸਟੀਲ ਕੰਪਲੈਕਸ ’ਤੇ ਕਈ ਰਾਕੇਟ ਦਾਗ਼ੇ ਗਏ। ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਸੰਯੁਕਤ ਰਾਸ਼ਟਰ ਵੱਲੋਂ ਕੰਪਲੈਕਸ ਦੇ ਆਲੇ-ਦੁਆਲੇ ਗੋਲੀਬੰਦੀ ਕਰਵਾਈ ਗਈ ਸੀ ਜਿਸ ਨਾਲ ਕਈ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਿਆ ਹੈ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਤਾਜ਼ਾ ਹਮਲਿਆਂ ਨਾਲ ਲੋਕਾਂ ਨੂੰ ਕੱਢਣ ਦੀ ਮੁਹਿੰਮ ’ਚ ਕੋਈ ਅੜਿੱਕਾ ਆਇਆ ਹੈ ਜਾਂ ਨਹੀਂ। ਉਧਰ ਮਾਰੀਓਪੋਲ ਦੇ ਮੇਅਰ ਵਾਡੀਅਮ ਬੁਆਇਚੇਂਕੋ ਨੇ ਆਸ ਜਤਾਈ ਕਿ ਸੁਰੱਖਿਅਤ ਕੱਢੇ ਗਏ ਲੋਕਾਂ ਦਾ ਪਹਿਲਾ ਜਥਾ ਯੂਕਰੇਨ ਦੇ ਕਬਜ਼ੇ ਵਾਲੇ ਜ਼ਪੋਰੀਜ਼ਜ਼ੀਆ ’ਚ ਅੱਜ ਪਹੁੰਚ ਜਾਵੇਗਾ।। ਉਨ੍ਹਾਂ ਦਾਅਵਾ ਕੀਤਾ ਕਿ ਕੰਪਲੈਕਸ ਦੇ ਬੰਕਰਾਂ ਅਤੇ ਸੁਰੰਗਾਂ ’ਚ ਕਈ ਹੋਰ ਲੋਕ ਫਸੇ ਹੋਏ ਹਨ ਅਤੇ ਬਾਕੀ ਸ਼ਹਿਰ ’ਚ ਇਕ ਲੱਖ ਦੇ ਕਰੀਬ ਲੋਕ ਮੌਜੂਦ ਹਨ। ਇਸ ਦੌਰਾਨ ਯੂਕਰੇਨ ਦੀ ਪ੍ਰਥਮ ਮਹਿਲਾ ਓਲੇਨਾ ਜ਼ੇਲੈਂਸਕਾ ਨੇ ਪੱਛਮ ਨੂੰ ਅਪੀਲ ਕੀਤੀ ਹੈ ਕਿ ਉਹ ਮੁਲਕ ਨੂੰ ਆਪਣੀ ਹਮਾਇਤ ਜਾਰੀ ਰੱਖੇ। ਬ੍ਰਿਟਿਸ਼ ਟੈਲੀਵਿਜ਼ਨ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਜੰਗ ਲੱਗਣ ਤੋਂ ਬਾਅਦ ਉਹ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਨਹੀਂ ਮਿਲ ਸਕੀ ਹੈ। ਪੋਪ ਫਰਾਂਸਿਸ ਨੇ ਮੰਗਲਵਾਰ ਨੂੰ ਪ੍ਰਕਾਸ਼ਿਤ ਇਕ ਇੰਟਰਵਿਊ ’ਚ ਕਿਹਾ ਹੈ ਕਿ ਉਨ੍ਹਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਦੀ ਪੇਸ਼ਕਸ਼ ਕੀਤੀ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਪੋਪ ਮੁਤਾਬਕ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਾਨ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਰੂਸ 9 ਮਾਰਚ ਨੂੰ ਜੰਗ ਖ਼ਤਮ ਕਰ ਸਕਦਾ ਹੈ ਕਿਉਂਕਿ ਉਸ ਦਿਨ ਉਹ ‘ਫਤਹਿ ਦਿਵਸ’ ਮਨਾਉਂਦਾ ਹੈ। ਉਸ ਦਿਨ ਨਾਜ਼ੀ ਜਰਮਨੀ ਨੇ ਆਤਮ ਸਮਰਪਣ ਕੀਤਾ ਸੀ। -ਰਾਇਟਰਜ਼
ਜੌਹਨਸਨ ਨੇ ਯੂਕਰੇਨ ਦੀ ਸੰਸਦ ਨੂੰ ਕੀਤਾ ਸੰਬੋਧਨ
ਲੰਡਨ: ਬੋਰਿਸ ਜੌਹਨਸਨ ਮੰਗਲਵਾਰ ਨੂੰ ਦੁਨੀਆ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ ਜਿਨ੍ਹਾਂ ਯੂਕਰੇਨੀ ਸੰਸਦ ‘ਵੇਰਖੋਵਨਾ ਰਾਡਾ’ ਨੂੰ ਸੰਬੋਧਨ ਕੀਤਾ। ਜੌਹਨਸਨ ਨੇ ਯੂਕਰੇਨ ਨੂੰ ਹੋਰ ਫ਼ੌਜੀ ਸਹਾਇਤਾ ਦੇਣ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਵੀਡੀਓ ਲਿੰਕ ਰਾਹੀਂ ਯੂਕਰੇਨ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਯੂਕਰੇਨ ਦਾ ਸਭ ਤੋਂ ਅਹਿਮ ਸਮਾਂ ਹੈ ਜਿਸ ਨੂੰ ਯਾਦ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਨੂੰ ਚੇਤੇ ਰੱਖਣਗੀਆਂ। ਉਨ੍ਹਾਂ ਯੂਕਰੇਨ ਨੂੰ ਹਥਿਆਰ, ਵਿੱਤੀ ਅਤੇ ਮਾਨਵੀ ਸਹਾਇਤਾ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ। ਜੌਹਨਸਨ ਨੇ ਕਿਹਾ,‘‘ਇਹ ਸਹੀ ਬਨਾਮ ਗਲਤ ਅਤੇ ਚੰਗਿਆਈ ਬਨਾਮ ਬੁਰਾਈ ਵਿਚਕਾਰ ਜੰਗ ਹੈ। ਯੂਕਰੇਨ ਨੂੰ ਜਿੱਤਣਾ ਚਾਹੀਦਾ ਹੈ ਅਤੇ ਅਸੀਂ ਯੂਕਰੇਨੀ ਲੋਕਾਂ ਤੇ ਵਲਾਦੀਮੀਰ ਜ਼ੇਲੈਂਸਕੀ ਦੀ ਬਹਾਦਰੀ ਦੇਖ ਰਹੇ ਹਾਂ।’’ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਬ੍ਰਿਟੇਨ ਦੇ ਜੰਗ ਸਮੇਂ ਦੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦਾ ਜ਼ਿਕਰ ਵੀ ਕੀਤਾ। -ਪੀਟੀਆਈ
ਜਰਮਨੀ ਦੇ ਵਿਰੋਧੀ ਆਗੂਆਂ ਵੱਲੋਂ ਕੀਵ ਦਾ ਦੌਰਾ, ਸ਼ੁਲਜ਼ ਨੇ ਕੀਤਾ ਇਨਕਾਰ
ਬਰਲਿਨ: ਜਰਮਨੀ ’ਚ ਕੰਜ਼ਰਵੇਟਿਵ ਵਿਰੋਧੀ ਧਿਰ ਦੇ ਆਗੂ ਫਰੀਡਰਿਕ ਮਰਜ਼ ਵੱਲੋਂ ਯੂਕਰੇਨ ਦੇ ਆਗੂਆਂ ਨਾਲ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ। ਉਂਜ ਚਾਂਸਲਰ ਓਲਫ਼ ਸ਼ੁਲਜ਼ ਨੇ ਸਪੱਸ਼ਟ ਕੀਤਾ ਹੈ ਕਿ ਉਹ ਨੇੜ ਭਵਿੱਖ ’ਚ ਯੂਕਰੇਨ ਦਾ ਦੌਰਾ ਨਹੀਂ ਕਰਨਗੇ। ਸ਼ੁਲਜ਼ ਨੇ ਕੁਝ ਸਮਾਂ ਪਹਿਲਾਂ ਯੂਕਰੇਨ ਦੇ ਆਗੂਆਂ ’ਤੇ ਨਜ਼ਲਾ ਝਾੜਿਆ ਸੀ ਕਿਉਂਕਿ ਕੀਵ ਨੇ ਜਰਮਨੀ ਦੇ ਰਾਸ਼ਟਰਪਤੀ ਫਰੈਂਕ-ਵਾਲਟਰ ਸਟੀਨਮੀਅਰ ਨੂੰ ਮੁਲਕ ਆਉਣ ਦਾ ਸੱਦਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਯੂਕਰੇਨ ਨੇ ਦੋਸ਼ ਲਾਇਆ ਹੈ ਕਿ ਫਰੈਂਕ ਦੇ ਵਿਦੇਸ਼ ਮੰਤਰੀ ਰਹਿੰਦਿਆਂ ਰੂਸ ਨਾਲ ਗੂੜ੍ਹੇ ਸਬੰਧ ਸਨ। ਸ਼ੁਲਜ਼ ਨੇ ਸਰਕਾਰੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ,‘‘ਜਿਹੜੇ ਮੁਲਕ ਨੂੰ ਇੰਨੀ ਫ਼ੌਜੀ ਸਹਾਇਤਾ ਦਿੱਤੀ ਜਾਂਦੀ ਹੈ, ਉਹ ਜੇ ਇਹ ਕਹੇ ਕਿ ਤੁਹਾਡਾ ਰਾਸ਼ਟਰਪਤੀ ਨਹੀਂ ਆ ਸਕਦਾ ਤਾਂ ਇਹ ਗੱਲ ਠੀਕ ਨਹੀਂ ਹੈ।’’ ਯੂਕਰੇਨ ਦੇ ਬਰਲਿਨ ’ਚ ਸਫ਼ੀਰ ਆਂਦਰੀਜ ਮੇਲਨਿਕ ਨੇ ਕਿਹਾ ਕਿ ਸ਼ੁਲਜ਼ ਵੱਲੋਂ ਦੌਰੇ ਤੋਂ ਇਨਕਾਰ ਕਿਸੇ ਰਾਜਨੇਤਾ ਵਾਲਾ ਵਿਹਾਰ ਨਹੀਂ ਹੈ। ਜਰਮਨੀ ਦੇ ਆਗੂਆਂ ਦੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਨਹੀਂ ਹੈ। -ਏਪੀ