ਸੰਯੁਕਤ ਰਾਸ਼ਟਰ, 5 ਮਾਰਚ
ਸੰਯੁਕਤ ਰਾਸ਼ਟਰ ਤੇ ਇਸ ਦੇ ਸਾਥੀ ਮੁਲਕਾਂ ਨੇ ਰੂਸ ’ਤੇ ਯੂਕਰੇਨ ਦੇ ਸਭ ਤੋਂ ਵੱਡੇ ਪ੍ਰਮਾਣੂ ਊਰਜਾ ਪਲਾਂਟ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਰੂਸ ਲੱਖਾਂ ਯੂਰੋਪੀਅਨ ਲੋਕਾਂ ਦੀ ਜ਼ਿੰਦਗੀ ਦਾਅ ’ਤੇ ਲਾ ਰਿਹਾ ਹੈ ਕਿਉਂਕਿ ਰੈਡੀਏਸ਼ਨ ਫੈਲਣ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ। ਪਰ ਰੂਸ ਨੇ ਇਸ ਲਈ ਯੂਕਰੇਨ ਦੇ ਇਕ ਗਰੁੱਪ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਤੇ ਕਿਹਾ ਹੈ ਕਿ ਉਨ੍ਹਾਂ ਪਲਾਂਟ ਨੇੜਲੇ ਸਿਖ਼ਲਾਈ ਕੇਂਦਰ ਨੂੰ ਅੱਗ ਲਾਈ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਪਲਾਂਟ ਵਿਚ ਅੱਗ ਲੱਗਣ ਦੀ ਸੂਚਨਾ ਮਿਲਣ ਮਗਰੋਂ ਸੁਰੱਖਿਆ ਕੌਂਸਲ ਦੀ ਹੰਗਾਮੀ ਮੀਟਿੰਗ ਹੋਈ ਸੀ ਤੇ ਗਹਿਰੀ ਚਿੰਤਾ ਜ਼ਾਹਿਰ ਕੀਤੀ ਗਈ ਸੀ। ਹਾਲਾਂਕਿ ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਊਰਜਾ ਏਜੰਸੀ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਰਿਐਕਟਰ ਨੂੰ ਨੁਕਸਾਨ ਨਹੀਂ ਪੁੱਜਾ ਹੈ। ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ ਨੇ ਹਾਲੇ ਤੱਕ ਅੱਗ ਲੱਗਣ ਲਈ ਕਿਸੇ ਦੀ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਹੈ। ਇਸ ਪਲਾਂਟ ਵਿਚ ਛੇ ਰਿਐਕਟਰ ਹਨ। ਰੂਸ ਨੇ ਏਜੰਸੀ ਨੂੰ ਪਹਿਲਾਂ ਜਾਣੂ ਜ਼ਰੂਰ ਕਰਵਾ ਦਿੱਤਾ ਸੀ ਕਿ ਉਨ੍ਹਾਂ ਦੀ ਫ਼ੌਜ ਇਸ ਪਲਾਂਟ ਨੂੰ ਕਬਜ਼ੇ ਹੇਠ ਲਏਗੀ। ਏਜੰਸੀ ਦੇ ਡੀਜੀ ਰਾਫੇਲ ਮਾਰੀਆਨੋ ਗਰੌਸੀ ਨੇ ਕਿਹਾ ਕਿ ਰੂਸੀ ਫ਼ੌਜ ਦੇ ਅੱਗੇ ਵਧਣ ਤੋਂ ਬਾਅਦ ਨਾਗਰਿਕਾਂ ਦੇ ਕਿਸੇ ਗਰੁੱਪ ਨੇ ਉਨ੍ਹਾਂ ਦਾ ਵਿਰੋਧ ਕੀਤਾ ਹੈ ਤੇ ਇਸੇ ਦੌਰਾਨ ਕੋਈ ਚੀਜ਼ ਦਾਗੀ ਗਈ ਜਿਸ ਨਾਲ ਉੱਥੇ ਅੱਗ ਲੱਗੀ। ਯੂਕਰੇਨ ਤੇ ਪੱਛਮੀ ਮੁਲਕਾਂ ਨੇ ਇਸ ਲਈ ਰੂਸ ਨੂੰ ਹੀ ਜ਼ਿੰਮੇਵਾਰ ਦੱਸਿਆ। ਹੰਗਾਮੀ ਬੈਠਕ ਅਮਰੀਕਾ, ਯੂਕੇ, ਫਰਾਂਸ, ਨਾਰਵੇ, ਆਇਰਲੈਂਡ ਤੇ ਅਲਬਾਨੀਆ ਨੇ ਸੱਦੀ ਸੀ। ਸੰਯੁਕਤ ਰਾਸ਼ਟਰ ਵਿਚ ਰੂਸ ਦੀ ਦੂਤ ਵੈਜ਼ਿਲੀ ਨਬਿੇਂਜ਼ੀਆ ਨੇ ਪੱਛਮੀ ਮੁਲਕਾਂ ਦੇ ਦਾਅਵੇ ਨੂੰ ਰੱਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੀ ਫ਼ੌਜ ਨੇ ਹਮਲਾ ਨਹੀਂ ਕੀਤਾ। -ਏਪੀ
ਯੂਕਰੇਨੀ ਪ੍ਰਮਾਣੂ ਟਿਕਾਣਿਆਂ ਦੀ ਸੁਰੱਖਿਆ ਲਈ ਫਰਾਂਸ ਸਰਗਰਮ
ਪੈਰਿਸ: ਫਰਾਂਸ ਨੇ ਅੱਜ ਕਿਹਾ ਕਿ ਉਹ ਯੂਕਰੇਨ ਦੇ ਪੰਜ ਪ੍ਰਮੁੱਖ ਪ੍ਰਮਾਣੂ ਟਿਕਾਣਿਆਂ ਦੀ ਸੁਰੱਖਿਆ ਤੇ ਰਾਖੀ ਲਈ ਜਲਦੀ ਠੋਸ ਕਦਮ ਚੁੱਕੇਗਾ। ਇਸ ਲਈ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ ਵੱਲੋਂ ਮਿੱਥੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੌਂ ਨੇ ਯੂਕਰੇਨੀ ਪ੍ਰਮਾਣੂ ਟਿਕਾਣਿਆਂ ਲਈ ਬਣੇ ਖ਼ਤਰਿਆਂ ’ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਰੂਸ ਦੇ ਹਮਲੇ ਤੋਂ ਬਾਅਦ ਖ਼ਤਰਾ ਬਹੁਤ ਵਧ ਗਿਆ ਹੈ ਤੇ ਮਾਸਕੋ ਨੂੰ ਤੁਰੰਤ ਖ਼ਤਰਨਾਕ ਫ਼ੌਜੀ ਕਾਰਵਾਈ ਰੋਕਣੀ ਚਾਹੀਦੀ ਹੈ। ਯੂਕਰੇਨੀ ਅਥਾਰਿਟੀ ਨੂੰ ਦੇਸ਼ ਵਿਚ ਸਥਿਤ ਸਾਰੇ ਪ੍ਰਮਾਣੂ ਕੇਂਦਰਾਂ ਦਾ ਕੰਟਰੋਲ ਸੌਂਪਿਆ ਜਾਣਾ ਚਾਹੀਦਾ ਹੈ। ਉਨ੍ਹਾਂ ਰੂਸ ਨੂੰ ਬੇਨਤੀ ਕੀਤੀ ਕਿ ਉਹ ਸਾਰੇ ਕੇਂਦਰਾਂ ਦੇ ਕਰਮਚਾਰੀਆਂ ਨੂੰ ਨਿਯਮਿਤ ਡਿਊਟੀ ਕਰਨ ਦੇਣ ਤਾਂ ਜੋ ਇਹ ਸੁਰੱਖਿਅਤ ਢੰਗ ਨਾਲ ਚੱਲਦੇ ਰਹਿਣ। -ਏਪੀ