* ਐੱਨਏਟੀਸੀ ਵੱਲੋਂ ਪੰਜ ਹਮਲਾਵਰ ਮਾਰੇ ਜਾਣ ਦਾ ਦਾਅਵਾ
* ਹਮਲਿਆਂ ’ਚ ਪੁੱਤਰਾਂ ਦੀ ਸ਼ਮੂਲੀਅਤ ਦੇ ਸ਼ੱਕ ਹੇਠ ਇੱਕ ਅਧਿਕਾਰੀ ਕਾਬੂ
ਮਾਸਕੋ, 24 ਜੂਨ
ਰੂਸ ਦੇ ਦੱਖਣੀ ਦਾਗ਼ਿਸਤਾਨ ਖ਼ਿੱਤੇ ’ਚ ਅੱਜ ਹਥਿਆਰਬੰਦ ਦਹਿਸ਼ਤਗਰਦਾਂ ਨੇ 15 ਪੁਲੀਸ ਅਧਿਕਾਰੀਆਂ ਅਤੇ ਇੱਕ ਪਾਦਰੀ ਸਣੇ 20 ਨਾਗਰਿਕਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸੂਬੇ ਦੇ ਗਵਰਨਰ ਸਰਗੇਈ ਮੇਲੀਕੋਵ ਨੇ ਅੱਜ ਸੁਵੱਖਤੇ ਇੱਕ ਵੀਡੀਓ ਬਿਆਨ ’ਚ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਹਥਿਆਰਬੰਦ ਵਿਅਕਤੀਆਂ ਨੇ ਦੋ ਸ਼ਹਿਰਾਂ ਵਿੱਚ ਦੋ ਗਿਰਜਾਘਰਾਂ, ਇਕ ਪ੍ਰਾਰਥਨਾ ਹਾਲ ਅਤੇ ਦੋ ਪੁਲੀਸ ਚੌਕੀਆਂ ’ਤੇ ਗੋਲੀਬਾਰੀ ਕੀਤੀ।
ਰੂਸ ਦੀ ਕੌਮੀ ਅਤਿਵਾਦ ਵਿਰੋਧੀ ਕਮੇਟੀ (ਐੱਨਏਟੀਸੀ) ਨੇ ਕਿਹਾ ਕਿ ਇਹ ਹਮਲੇ ਮੁੱਖ ਤੌਰ ’ਤੇ ਮੁਸਲਿਮ ਆਬਾਦੀ ਵਾਲੇ ਇਲਾਕੇ ’ਚ ਹੋਏ ਜਿੱਥੇ ਕੱਟੜਪੰਥੀ ਦਾ ਇਤਿਹਾਸ ਰਿਹਾ ਹੈ ਅਤੇ ਇਸ ਹਮਲੇ ਨੂੰ ਇੱਕ ਦਹਿਸ਼ਤੀ ਕਾਰਵਾਈ ਕਰਾਰ ਦਿੱਤਾ। ਹਮਲਿਆਂ ’ਚ ਮੌਤਾਂ ਮਗਰੋਂ ਦੱਖਣੀ ਦਾਗ਼ਿਸਤਾਨ ਇਲਾਕੇ ’ਚ ਅੱਜ (ਸੋਮਵਾਰ) ਤੋਂ ਅਗਲੇ ਤਿੰਨ ਦਿਨਾਂ ਲਈ ਸੋਗ ਦਾ ਐਲਾਨ ਕੀਤਾ ਗਿਆ ਹੈ।
ਸਥਾਨਕ ਸਰਕਾਰੀ ਮੀਡੀਆ ਮੁਤਾਬਕ ਦਾਗ਼ਿਸਤਾਨ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਹਥਿਆਰਬੰਦ ਵਿਅਕਤੀਆਂ ਦੇ ਇੱਕ ਟੋਲੇ ਨੇ ਕੈਸਪੀਅਨ ਸਾਗਰ ਨਾਲ ਲੱਗਦੇ ਡਰਬੈਂਟ ਸ਼ਹਿਰ ’ਚ ਇੱਕ ਪ੍ਰਾਰਥਨਾ ਹਾਲ ਅਤੇ ਇੱਕ ਗਿਰਜਾਘਰ ’ਤੇ ਗੋਲੀਬਾਰੀ ਕੀਤੀ, ਜਿਸ ਮਗਰੋਂ ਗਿਰਜਾਘਰ ਅਤੇ ਪ੍ਰਾਰਥਨਾ ਹਾਲ ’ਚ ਅੱਗ ਗਈ।
ਦਾਗ਼ਿਸਤਾਨ ਦੀ ਰਾਜਧਾਨੀ ਮਖਾਚਕਾਲਾ ਵਿੱਚ ਵੀ ਇੱਕ ਗਿਰਜਾਘਰ ਅਤੇ ਇੱਕ ਟਰੈਫਿਕ ਪੁਲੀਸ ਚੌਕੀ ’ਤੇ ਹਮਲੇ ਦੀਆਂ ਵੀ ਅਜਿਹੀਆਂ ਖ਼ਬਰਾਂ ਮਿਲੀਆਂ ਹਨ।
ਇਸੇ ਦੌਰਾਨ ਅਧਿਕਾਰੀਆਂ ਨੇ ਇਲਾਕੇ ’ਚ ਅਤਿਵਾਦ ਵਿਰੋਧੀ ਅਪਰੇਸ਼ਨ ਦਾ ਐਲਾਨ ਕੀਤਾ ਹੈ। ਅਤਿਵਾਦ ਵਿਰੋਧੀ ਕਮੇਟੀ ਨੇ ਕਿਹਾ ਕਿ ਪੰਜ ਹਥਿਆਰਬੰਦ ਵਿਅਕਤੀਆਂ ਨੂੰ ਹਲਾਕ ਕਰ ਦਿੱਤਾ ਗਿਆ ਹੈ। ਗਵਰਨਰ ਨੇ ਦੱਸਿਆ ਕਿ ਛੇ ‘ਡਾਕੂਆਂ’ ਨੂੰ ਮਾਰ ਮੁਕਾਇਆ ਗਿਆ ਹੈ ਪਰ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਹਮਲੇ ’ਚ ਕਿੰਨੇ ਦਹਿਸ਼ਤਗਰਦ ਸ਼ਾਮਲ ਹਨ। ਹਾਲੇ ਤੱਕ ਕਿਸੇ ਨੇ ਵੀ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਅਧਿਕਾਰੀਆਂ ਇਸ ਦਹਿਸ਼ਤੀ ਕਾਰੇ ਦੀ ਜਾਂਚ ਵਿੱਢ ਦਿੱਤੀ ਹੈ।
ਰੂਸ ਦੀ ਸਰਕਾਰੀ ਖ਼ਬਰ ਏਜੰਸੀ ‘ਤਾਸ’ ਕਾਨੂੰਨੀ ਏਜੰਸੀਆਂ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਦਾਗ਼ਿਸਤਾਨ ਦੇ ਇੱਕ ਅਧਿਕਾਰੀ ਨੂੰ ਹਮਲਿਆਂ ਵਿੱਚ ਉਸ ਬੇਟਿਆਂ ਦੀ ਕਥਿਤ ਸ਼ਮੂਲੀਅਤ ਦੇ ਸ਼ੱਕ ਕਾਰਨ ਹਿਰਾਸਤ ’ਚ ਲਿਆ ਗਿਆ ਹੈ। ਮੇਲੀਕੋਵ ਨੇ ਦਾਅਵਾ ਕੀਤਾ ਇਨ੍ਹਾਂ ਹਮਲਿਆਂ ਦੀ ਸਾਜ਼ਿਸ਼ ਸੰਭਾਵੀ ਤੌਰ ’ਤੇ ਵਿਦੇਸ਼ ’ਚ ਘੜੀ ਗਈ ਸੀ ਹਾਲਾਂਕਿ ਉਨ੍ਹਾਂ ਨੇ ਇਸ ਸਬੰਧੀ ਕੋਈ ਸਬੂਤ ਮੁਹੱਈਆ ਨਹੀਂ ਕਰਵਾਇਆ। -ਏਪੀ