ਕੀਵ, 3 ਨਵੰਬਰ
ਰੂਸ ਨੇ ਯੂਕਰੇਨ ’ਤੇ 96 ਡਰੋਨਾਂ ਅਤੇ ਇਕ ਮਿਜ਼ਾਈਲ ਰਾਹੀਂ ਹਮਲੇ ਕੀਤੇ। ਯੂਕਰੇਨ ਦੀ ਹਵਾਈ ਫੌਜ ਮੁਤਾਬਕ ਸ਼ਨਿਚਰਵਾਰ ਅੱਧੀ ਰਾਤ ਤੋਂ ਬਾਅਦ ਹੋਏ ਹਮਲਿਆਂ ’ਚੋਂ ਜ਼ਿਆਦਾਤਰ ਨੂੰ ਨਾਕਾਮ ਬਣਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 66 ਡਰੋਨਾਂ ਅਤੇ ਇਕ ਮਿਜ਼ਾਈਲ ਨੂੰ ਹਵਾ ’ਚ ਹੀ ਫੁੰਡ ਦਿੱਤਾ ਗਿਆ ਜਦਕਿ 27 ਹੋਰ ਡਰੋਨ ਵੱਖ ਵੱਖ ਇਲਾਕਿਆਂ ’ਚ ‘ਗਾਇਬ’ ਹੋ ਗਏ। ਉਨ੍ਹਾਂ ਕਿਹਾ ਕਿ ਇਕ ਡਰੋਨ ਬੇਲਾਰੂਸ ਦੇ ਹਵਾਈ ਖੇਤਰ ਵੱਲ ਚਲਾ ਗਿਆ। ਇਨ੍ਹਾਂ ਹਮਲਿਆਂ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੇਂਸਕੀ ਨੇ ਐਤਵਾਰ ਨੂੰ ਕਿਹਾ ਕਿ ਰੂਸ ਨੇ ਪਿਛਲੇ ਇਕ ਹਫ਼ਤੇ ਦੌਰਾਨ ਯੂਕਰੇਨ ਖ਼ਿਲਾਫ਼ ਨਿਸ਼ਾਨਾ ਸੇਧਣ ਵਾਲੇ ਕਰੀਬ 900 ਬੰਬ, 500 ਡਰੋਨ ਅਤੇ 30 ਮਿਜ਼ਾਈਲਾਂ ਦਾਗ਼ੀਆਂ ਸਨ। ਜ਼ੈਲੇਂਸਕੀ ਨੇ ਐਤਵਾਰ ਨੂੰ ‘ਐਕਸ’ ’ਤੇ ਯੂਕਰੇਨ ਦੇ ਭਾਈਵਾਲਾਂ ਨੂੰ ਅਪੀਲ ਕੀਤੀ ਕਿ ਉਹ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਪ੍ਰਣਾਲੀਆਂ ਉਨ੍ਹਾਂ ਨੂੰ ਦੇਣ ਤਾਂ ਜੋ ਮੁਲਕ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਰਾਸ਼ਟਰਪਤੀ ਨੇ ਕਿਹਾ ਕਿ ਜੇ ਦੁਨੀਆ ਨੇ ਉਨ੍ਹਾਂ ਨੂੰ ਢੁੱਕਵੀਂ ਸਹਾਇਤਾ ਦਿੱਤੀ ਹੁੰਦੀ ਤਾਂ ਰੂਸ ਦਾ ਹਮਲੇ ਕਰਨਾ ਮੁਸ਼ਕਲ ਹੋ ਜਾਣਾ ਸੀ। ਯੂਕਰੇਨੀ ਰਾਸ਼ਟਰਪਤੀ ਨੇ ਆਪਣੇ ਭਾਈਵਾਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੂਸ ਦੀ ਧੱਕੇਸ਼ਾਹੀ ਨੂੰ ਰੋਕਣ ਲਈ ਉਸ ’ਤੇ ਹੋਰ ਪਾਬੰਦੀਆਂ ਲਾਗੂ ਕਰਨ। ਉਧਰ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸ ਦੇ ਤਿੰਨ ਖ਼ਿੱਤਿਆਂ ’ਚ ਐਤਵਾਰ ਨੂੰ 19 ਯੂਕਰੇਨੀ ਡਰੋਨ ਹਵਾ ’ਚ ਫੁੰਡ ਦਿੱਤੇ ਗਏ। ਖੇਤਰੀ ਗਵਰਨਰ ਵਿਆਚੇਸਲਾਵ ਗਲੈਡਕੋਵ ਮੁਤਾਬਕ ਬੇਲਗ੍ਰਾਦ ਖ਼ਿੱਤੇ ’ਚ ਯੂਕਰੇਨੀ ਡਰੋਨ ਹਮਲੇ ’ਚ ਇਕ ਵਿਅਕਤੀ ਮਾਰਿਆ ਗਿਆ। -ਏਪੀ