ਕੀਵ, 16 ਅਕਤੂਬਰ
ਰੂਸ ਨੇ ਯੂਕਰੇਨੀ ਸਰਹੱਦ ਨੇੜੇ ਬੇਲਗੋਰਾਡ ਫ਼ੌਜੀ ਸਿਖਲਾਈ ਕੈਂਪ ’ਚ ਦੋ ਬੰਦੂਕਧਾਰੀਆਂ ਵੱਲੋਂ 11 ਵਿਅਕਤੀਆਂ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਹਮਲੇ ’ਚ 15 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਰੂਸ ਦੀ ਆਰਆਈਏ ਨਿਊਜ਼ ਏਜੰਸੀ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਬੰਦੂਕਧਾਰੀਆਂ ਨੇ ਯੂਕਰੇਨ ’ਚ ਜੰਗ ਲੜਨ ਲਈ ਅੱਗੇ ਆਏ ਲੋਕਾਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ‘ਅਤਿਵਾਦੀ’ ਖੁਦ ਵੀ ਮਾਰੇ ਗਏ। ਰੱਖਿਆ ਮੰਤਰਾਲੇ ਮੁਤਾਬਕ ਹਮਲਾਵਰ ਸਾਬਕਾ ਸੋਵੀਅਤ ਗਣਰਾਜ ਤੋਂ ਸਨ। ਯੂਕਰੇਨ ਦੇ ਸੀਨੀਅਰ ਅਧਿਕਾਰੀ ਓਲੈਕਸੀ ਆਰਸਟਵਿਚ ਨੇ ਕਿਹਾ ਕਿ ਦੋ ਵਿਅਕਤੀ ਤਾਜਿਕਸਤਾਨ ਦੇ ਮੁਸਲਿਮ ਇਲਾਕੇ ਤੋਂ ਸਨ ਅਤੇ ਧਰਮ ਦੇ ਮੁੱਦੇ ’ਤੇ ਬਹਿਸ ਮਗਰੋਂ ਉਨ੍ਹਾਂ ਗੋਲੀਆਂ ਚਲਾਈਆਂ ਸਨ। -ਰਾਇਟਰਜ਼