ਮਾਸਕੋ, 12 ਅਪਰੈਲ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਮੁਲਕ ਨੂੰ ਅਲੱਗ ਥਲੱਗ ਨਹੀਂ ਕੀਤਾ ਜਾ ਸਕਦਾ।
ਪੂਰਬੀ ਰੂਸ ’ਚ ਵੋਸਤੋਚਨੀ ਪੁਲਾੜ ਲਾਂਚ ਕੇਂਦਰ ਦੇ ਦੌਰੇ ’ਤੇ ਪਹੁੰਚੇ ਪੂਤਿਨ ਨੇ ਕਿਹਾ ਕਿ ਰੂਸ ਦਾ ਖੁਦ ਨੂੰ ਅਲੱਗ-ਥਲੱਗ ਕਰਨ ਦਾ ਕੋਈ ਇਰਾਦਾ ਨਹੀਂ ਹੈ ਅਤੇ ਨਾ ਹੀ ਵਿਦੇਸ਼ੀ ਤਾਕਤਾਂ ਉਨ੍ਹਾਂ ਦੇ ਦੇਸ਼ ਨੂੰ ਅਲੱਗ-ਥਲੱਗ ਕਰਨ ’ਚ ਕਾਮਯਾਬ ਹੋ ਸਕਦੀਆਂ ਹਨ। ਉਨ੍ਹਾਂ ਕਿਹਾ, ‘ਅੱਜ ਦੀ ਦੁਨੀਆਂ ’ਚ ਕਿਸੇ ਨੂੰ ਵੀ ਅਲੱਗ-ਥਲੱਗ ਕਰਨਾ ਯਕੀਨੀ ਤੌਰ ’ਤੇ ਅਸੰਭਵ ਹੈ ਅਤੇ ਖਾਸ ਤੌਰ ’ਤੇ ਰੂਸ ਜਿਹੇ ਵੱਡੇ ਦੇਸ਼ ਨੂੰ।’ ਪੂਤਿਨ ਨੇ ਕਿਹਾ ਕਿ ਉਹ ਆਪਣੇ ਭਾਈਵਾਲਾਂ ਨਾਲ ਕੰਮ ਕਰਨਗੇ ਜੋ ਸਹਿਯੋਗ ਕਰਨਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਰੂਸ ਵੱਲੋਂ ਯੂਕਰੇਨ ’ਚ 24 ਫਰਵਰੀ ਨੂੰ ਫੌਜੀ ਕਾਰਵਾਈ ਸ਼ੁਰੂ ਕੀਤੇ ਜਾਣ ਮਗਰੋਂ ਪੂਤਿਨ ਦੀ ਵੋਸਤੋਚਨੀ ਦੀ ਯਾਤਰਾ ਮਾਸਕੋ ਤੋਂ ਬਾਹਰ ਉਨ੍ਹਾਂ ਪਹਿਲੀ ਯਾਤਰਾ ਹੈ। ਪੂਤਿਨ ਨੇ ਬੇਲਾਰੂਸ ਦੇ ਰਾਸ਼ਟਰਪਤੀ ਅਲੈਕਜ਼ੈਂਡਰ ਲੁਕਾਸ਼ੇਂਕੋ ਨਾਲ ਪੁਲਾੜ ਕੇਂਦਰ ਦਾ ਦੌਰਾ ਕੀਤਾ। ਇਸੇ ਦੌਰਾਨ ਰੂਸੀ ਫੌਜ ਨੇ ਕਿਹਾ ਕਿ ਉਨ੍ਹਾਂ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਦੀ ਮਦਦ ਨਾਲ ਯੂਰਕੇਨ ਦੇ ਅਸਲਾਖਾਨਿਆਂ ’ਤੇ ਹਮਲਾ ਕੀਤਾ ਹੈ। ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਮੇਜਰ ਜਨਰਲ ਇਗੋਰ ਕੋਨਾਸ਼ੇਨਕੋਵ ਨੇ ਅੱਜ ਕਿਹਾ ਕਿ ਫੌਜ ਨੇ ਹਵਾਈ ਤੇ ਸਮੁੰਦਰੀ ਮਿਜ਼ਾਈਲਾਂ ਨਾਲ ਖਮੇਲਨਿਤਸਕਾਈ ’ਚ ਇੱਕ ਅਸਲਾਖਾਨਾ ਤਬਾਹ ਕੀਤਾ ਅਤੇ ਇੱਕ ਅਸਲਾ ਡਿੱਪੂ ਕੀਵ ਨੇੜੇ ਹਾਵਰਿਲੀਵਕਾ ’ਚ ਤਬਾਹ ਕੀਤਾ ਗਿਆ ਹੈ। -ਏਪੀ
ਰੂਸ ’ਤੇ ਵਿੱਤੀ ਪਾਬੰਦੀਆਂ ਲਾਵੇ ਯੂਰੋਪੀ ਯੂਨੀਅਨ: ਜ਼ੇਲੈਂਸਕੀ
ਵਿਲਨੀਅਸ: ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਯੂਰੋਪੀ ਯੂਨੀਅਨ ਤੋਂ ਮੰਗ ਕੀਤੀ ਕਿ ਰੂਸ ਖ਼ਿਲਾਫ਼ ਸਖ਼ਤ ਵਿੱਤੀ ਪਾਬੰਦੀਆਂ ਲਾਈਆਂ ਜਾਣ। ਉਨ੍ਹਾਂ ਕਿਹਾ ਕਿ ਰੂਸੀ ਸਿਆਸਤਦਾਨਾਂ ਤੇ ਫੌਜੀ ਲੀਡਰਸ਼ਿਪ ਨੂੰ ਲੱਗਦਾ ਹੈ ਕਿ ਉਹ ਯੂਕਰੇਨ ਖ਼ਿਲਾਫ਼ ਆਪਣੀ ਕਾਰਵਾਈ ਜਾਰੀ ਰੱਖ ਸਕਦੇ ਹਨ ਕਿਉਂਕਿ ਉਸ ਨੂੰ ਕੁਝ ਯੂਰੋਪੀ ਮੁਲਕਾਂ ਤੋਂ ਹਮਾਇਤ ਮਿਲ ਰਹੀ ਹੈ। ਜ਼ੇਲੈਂਸਕੀ ਨੇ ਲਿਥੂਆਨੀਆ ਦੇ ਸੰਸਦ ਮੈਂਬਰਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਕਿਹਾ ਕਿ ਕੁਝ ਯੂਰੋਪੀ ਮੁਲਕਾਂ ਵੱਲੋਂ ਰੂਸ ਨਾਲ ਅਜੇ ਵੀ ਸਹਿਯੋਗ, ਕਾਰੋਬਾਰ, ਵਪਾਰ ਜਾਰੀ ਰੱਖਿਆ ਜਾ ਰਿਹਾ ਹੈ। ਇਸੇ ਦੌਰਾਨ ਯੂਕਰੇਨ ਦੀ ਪੁਲੀਸ ਨੇ ਕਿਹਾ ਕਿ ਕੀਵ ’ਚ ਮਾਈਨ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਮਗਰੋਂ ਉਨ੍ਹਾਂ ਰੂਸ ਖ਼ਿਲਾਫ਼ ਜੰਗੀ ਅਪਰਾਧਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ