ਕੀਵ, 8 ਜੂਨ
ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਡੋਨਬਾਸ ਖੇਤਰ ਦੇ ਦੋ ਪ੍ਰਾਂਤਾਂ ’ਚੋਂ ਇਕ ਦੇ 97 ਫ਼ੀਸਦ ਹਿੱਸੇ ’ਤੇ ਕੰਟਰੋਲ ਕਰ ਲਿਆ ਹੈ ਅਤੇ ਕੋਲਾ ਖਾਣਾਂ ਤੇ ਕਾਰਖਾਨਿਆਂ ਦੇ ਗੜ੍ਹ ਵਾਲੇ ਖੇਤਰ ’ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਦੇ ਆਪਣੇ ਟੀਚੇ ਨੇੜੇ ਪਹੁੰਚ ਗਿਆ ਹੈ।
ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਕਿਹਾ ਕਿ ਲੁਹਾਂਸਕ ਪ੍ਰਾਂਤ ਦੇ ਜ਼ਿਆਦਾਤਰ ਖੇਤਰ ਮਾਸਕੋ ਦੀ ਫ਼ੌਜ ਦੇ ਕਬਜ਼ੇ ਹੇਠ ਹਨ ਅਤੇ ਯੂਕਰੇਨ ਦੇ ਅਧਿਕਾਰੀਆਂ ਤੇ ਫ਼ੌਜੀ ਵਿਸ਼ਲੇਸ਼ਕਾਂ ਅਨੁਸਾਰ, ਅਜਿਹਾ ਮਹਿਸੂਸ ਹੁੰਦਾ ਹੈ ਕਿ ਰੂਸ ਦਾ ਦੋਨੇਤਸਕ ਪ੍ਰਾਂਤ ਦੇ ਲਗਪਗ ਅੱਧੇ ਹਿੱਸੇ ’ਤੇ ਕਬਜ਼ਾ ਹੈ। ਰੂਸ ਨੇ ਐਲਾਨ ਕੀਤਾ ਕਿ ਪੂਰੇ ਡੋਨਬਾਸ ਨੂੰ ਆਪਣੇ ਕਬਜ਼ੇ ਹੇਠ ਕਰਨਾ ਉਸ ਦਾ ਮੁੱਖ ਉਦੇਸ਼ ਹੈ। ਮਾਸਕੋ ਸਮਰਥਕ ਵੱਖਵਾਦੀ 2014 ਤੋਂ ਡੋਨਬਾਸ ਵਿੱਚ ਯੂਕਰੇਨੀ ਸਰਕਾਰੀ ਸੁਰੱਖਿਆ ਬਲਾਂ ਨਾਲ ਲੜ ਰਹੇ ਹਨ ਅਤੇ ਇਸ ਖੇਤਰ ਨੂੰ ਹਾਲ ਦੇ ਹਫ਼ਤਿਆਂ ਵਿੱਚ ਰੂਸੀ ਹਮਲੇ ਦਾ ਖ਼ਮਿਆਜ਼ਾ ਭੁਗਤਣਾ ਪਿਆ ਹੈ।
ਜੰਗ ਦੀ ਸ਼ੁਰੂਆਤ ਵਿੱਚ, ਰੂਸੀ ਫ਼ੌਜੀਆਂ ਨੇ ਪੂਰੇ ਖਰਸੋਨ ਖੇਤਰ ਅਤੇ ਦੱਖਣ ਵਿੱਚ ਜ਼ਪੋਰਿਜ਼ੀਆ ਖੇਤਰ ਦੇ ਇਕ ਵੱਡੇ ਹਿੱਸ ’ਤੇ ਕੰਟਰੋਲ ਕਰ ਲਿਆ। ਰੂਸੀ ਅਧਿਕਾਰੀਆਂ ਅਤੇ ਉਨ੍ਹਾਂ ਵੱਲੋਂ ਨਿਯੁਕਤ ਸਥਾਨਕ ਅਧਿਕਾਰੀਆਂ ਨੇ ਉਨ੍ਹਾਂ ਖੇਤਰਾਂ ਲਈ ਆਪਣੀ ਆਜ਼ਾਦੀ ਦਾ ਐਲਾਨ ਕਰਨ ਜਾਂ ਰੂਸ ’ਚ ਸ਼ਾਮਲ ਹੋਣ ਦੀ ਯੋਜਨਾ ਬਾਰੇ ਗੱਲ ਕੀਤੀ ਹੈ।
ਉਧਰ, ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਮੰਗਲਵਾਰ ਦੇਰ ਰਾਤ ਜਾਰੀ ਆਪਣੇ ਵੀਡੀਓ ਸੰਬੋਧਨ ਵਿੱਚ ਕਿਹਾ, ‘‘ਡੋਨਬਾਸ ਦੀ ਰੱਖਿਆ ਜਾਰੀ ਹੈ। ਰੂਸੀਆਂ ਨੂੰ ਐਨੇ ਸਖ਼ਤ ਮੁਕਾਬਲੇ ਦੀ ਆਸ ਨਹੀਂ ਸੀ ਅਤੇ ਹੁਣ ਉਹ ਵਾਧੂ ਸੈਨਿਕ ਤੇ ਹਥਿਆਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।’’ -ਏਪੀ
ਰੂਸ ਨੇ ਮਾਰੀਓਪੋਲ ਦੀ ਜੰਗ ਵਿੱਚ ਮਰੇ 210 ਯੂਕਰੇਨ ਲੜਾਕਿਆਂ ਦੀਆਂ ਲਾਸ਼ਾਂ ਦਿੱਤੀਆਂ
ਕੀਵ: ਯੂਕਰੇਨ ਦੀ ਫ਼ੌਜੀ ਖੁਫੀਆ ਏਜੰਸੀ ਨੇ ਕਿਹਾ ਹੈ ਕਿ ਰੂਸ ਨੇ ਹੁਣ ਤੱਕ ਮਾਰੀਓਪੋਲ ਦੀ ਜੰਗ ਵਿੱਚ ਮਾਰੇ ਗਏ 210 ਯੂਕਰੇਨੀ ਲੜਾਕਿਆਂ ਦੀਆਂ ਲਾਸ਼ਾਂ ਦੇ ਦਿੱਤੀਆਂ ਹਨ। ਫ਼ੌਜੀ ਖੁਫ਼ੀਆ ਏਜੰਸੀ ਨੇ ਦੱਸਿਆ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਅਜ਼ੋਵਸਤਾਲ ਸਟੀਲਵਰਕਸ ਪਲਾਂਟ ਵਿੱਚ ਮਾਰੇ ਗਏ ਸਨ। ਹਾਲਾਂਕਿ, ਏਜੰਸੀ ਨੇ ਇਸ ਸਬੰਧ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਪਲਾਂਟ ਵਿੱਚ ਅਜੇ ਕਿੰਨੀਆਂ ਹੋਰ ਲਾਸ਼ਾਂ ਹੋ ਸਕਦੀਆਂ ਹਨ। ਰੂਸ ਨੇ ਮਾਰੇ ਗਏ ਯੂਕਰੇਨੀ ਲੜਾਕਿਆਂ ਦੀਆਂ ਲਾਸ਼ਾਂ ਪਿਛਲੇ ਹਫ਼ਤੇ ਦੇਣੀਆਂ ਸ਼ੁਰੂ ਕੀਤੀਆਂ ਸਨ। ਯੂਕਰੇਨ ਨੇ ਸ਼ਨਿਚਰਵਾਰ ਨੂੰ ਕਿਹਾ ਸੀ ਕਿ ਹੁਣ ਤੱਕ ਦੋਵੇਂ ਧਿਰਾਂ ਨੇ 320 ਲਾਸ਼ਾਂ ਇਕ-ਦੂਜੇ ਨੂੰ ਦਿੱਤੀਆਂ ਹਨ, ਦੋਹਾਂ ਨੂੰ ਆਪੋ-ਆਪਣੇ ਨਾਗਰਿਕਾਂ ਦੀਆਂ 160-160 ਲਾਸ਼ਾਂ ਮਿਲੀਆਂ ਹਨ। ਅਜੇ ਸਪੱਸ਼ਟ ਨਹੀਂ ਹੈ ਕਿ ਰੂਸ ਨੂੰ ਇਸ ਤੋਂ ਬਾਅਦ ਹੋਰ ਲਾਸ਼ਾਂ ਦਿੱਤੀਆਂ ਗਈਆਂ ਹਨ ਜਾਂ ਨਹੀਂ। -ਏਪੀ