ਸੰਯੁਕਤ ਰਾਸ਼ਟਰ, 26 ਸਤੰਬਰ
ਰੂਸ ਨੇ ਅੱਜ ਕਿਹਾ ਕਿ ਤਾਲਿਬਾਨ ਦੇ ਮੁੱਦੇ ਉਤੇ ਉਹ ਅਮਰੀਕਾ, ਚੀਨ ਤੇ ਪਾਕਿਸਤਾਨ ਨਾਲ ਇਕਸੁਰ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁਲਕ ਮਿਲ ਕੇ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ ਕਿ ਤਾਲਿਬਾਨ ਸ਼ਾਸਕ ਆਪਣੇ ਵਾਅਦੇ ਪੁਗਾਉਣ। ਖਾਸ ਤੌਰ ਉਤੇ ਸਰਕਾਰ ਵਿਚ ਹਰ ਵਰਗ ਨੂੰ ਨੁਮਾਇੰਦਗੀ ਦੇਣ ਤੇ ਕੱਟੜਵਾਦ ਨੂੰ ਰੋਕਣ ਦੇ ਵਾਅਦੇ ਪੂਰੇ ਕੀਤੇ ਜਾਣ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਦੱਸਿਆ ਕਿ ਚਾਰ ਮੁਲਕ ਅਫ਼ਗਾਨ ਮੁੱਦੇ ਉਤੇ ਲਗਾਤਾਰ ਸੰਪਰਕ ਵਿਚ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਕਾਂ ਦੇ ਨੁਮਾਇੰਦੇ ਹਾਲ ਹੀ ਵਿਚ ਕਤਰ ਗਏ ਸਨ ਤੇ ਉਸ ਤੋਂ ਬਾਅਦ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦਾ ਦੌਰਾ ਵੀ ਕੀਤਾ ਹੈ। ਇਸ ਮੌਕੇ ਤਾਲਿਬਾਨ ਤੇ ਹੋਰ ਆਗੂਆਂ ਨਾਲ ਮੁਲਾਕਾਤ ਕੀਤੀ ਗਈ ਸੀ। ਲਾਵਰੋਵ ਨੇ ਕਿਹਾ ਕਿ ਤਾਲਿਬਾਨ ਵੱਲੋਂ ਐਲਾਨੀ ਗਈ ਸਰਕਾਰ ‘ਅਫ਼ਗਾਨ ਸਮਾਜ ਦੀ ਪੂਰੀ ਤਰ੍ਹਾਂ ਨੁਮਾਇੰਦਗੀ ਨਹੀਂ ਕਰਦੀ ਜਦਕਿ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਵਿਚ ਹਰ ਵਰਗ ਨੂੰ ਸ਼ਾਮਲ ਕੀਤਾ ਜਾਵੇਗਾ।’ ਰੂਸੀ ਵਿਦੇਸ਼ ਮੰਤਰੀ ਨੇ ਔਰਤਾਂ ਤੇ ਲੜਕੀਆਂ ਨੂੰ ਪੂਰੇ ਹੱਕ ਦਿੱਤੇ ਜਾਣ ਦਾ ਵੀ ਜ਼ਿਕਰ ਕੀਤਾ। ਸੰਯੁਕਤ ਰਾਸ਼ਟਰ ਆਮ ਇਜਲਾਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਰੂਸੀ ਵਿਦੇਸ਼ ਮੰਤਰੀ ਨੇ ਬਾਇਡਨ ਪ੍ਰਸ਼ਾਸਨ ਦੀ ਨਿਖੇਧੀ ਵੀ ਕੀਤੀ। ਉਨ੍ਹਾਂ ਅਮਰੀਕੀ ਫ਼ੌਜਾਂ ਦੇ ਅਫ਼ਗਾਨਿਸਤਾਨ ਵਿਚੋਂ ਨਿਕਲਣ ਦੀ ਰਣਨੀਤੀ ਨੂੰ ਕਾਹਲੀ ਵਿਚ ਲਿਆ ਫ਼ੈਸਲਾ ਦੱਸਿਆ।
ਲਾਵਰੋਵ ਨੇ ਕਿਹਾ ਕਿ ਅਮਰੀਕਾ ਤੇ ਨਾਟੋ ਨੇ ਮਗਰੋਂ ਨਿਕਲਣ ਵਾਲੇ ਨਤੀਜਿਆਂ ਬਾਰੇ ਨਹੀਂ ਸੋਚਿਆ। ਸ਼ੀਤ ਯੁੱਧ ਦੇ ਮੁੱਦੇ ’ਤੇ ਲਾਵਰੋਵ ਨੇ ਕਿਹਾ ਕਿ ਬੇਸ਼ੱਕ ਚੀਨ ਤੇ ਅਮਰੀਕਾ ਵਿਚਾਲੇ ਤਣਾਅ ਵਧਦਾ ਦੇਖਿਆ ਗਿਆ ਹੈ ਤੇ ਇਸ ਬਾਰੇ ਰੂਸ ਚਿੰਤਤ ਹੈ। ਉਨ੍ਹਾਂ ਬਾਇਡਨ ਪ੍ਰਸ਼ਾਸਨ ਦੀ ਹਿੰਦ-ਪ੍ਰਸ਼ਾਂਤ ਬਾਰੇ ਰਣਨੀਤੀ ਦਾ ਵੀ ਇਸ ਸੰਦਰਭ ਵਿਚ ਜ਼ਿਕਰ ਕੀਤਾ। ਲਾਵਰੋਵ ਨੇ ਕਿਹਾ ਕਿ ਵੱਡੀਆਂ ਤਾਕਤਾਂ ਵਿਚਾਲੇ ਰਿਸ਼ਤੇ ‘ਸਤਿਕਾਰ’ ਵਾਲੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰੂਸ ਹਮੇਸ਼ਾ ਇਸ ਗੱਲ ਲਈ ਯਤਨਸ਼ੀਲ ਹੈ ਕਿ ਅਜਿਹਾ ਤਣਾਅ ਕਦੇ ਵੀ ਪ੍ਰਮਾਣੂ ਜੰਗ ਵੱਲ ਨਾ ਵਧ ਸਕੇ। -ਏਪੀ